ਚੰਡੀਗੜ੍ਹ: ਪੱਛਮ ਬੰਗਾਲ ਵਿੱਚ ਸਿਆਸੀ ਦੰਗਲ ਦੇ ਚੱਲਦਿਆਂ ਟੀਐਮਸੀ ਵਿਧਾਇਕ ਸੱਤਿਆਜੀਤ ਵਿਸ਼ਵਾਸ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਨਦਿਆ ਜ਼ਿਲ੍ਹੇ ਦੇ ਕ੍ਰਿਸ਼ਣਾਗੰਜ ਵਿਧਾਨ ਸਭਾ ਖੇਤਰ ਤੋਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਦੇ ਵਿਧਾਇਕ ਸਨ। ਵਿਸ਼ਵਾਸ ਸ਼ਨੀਵਾਰ ਰਾਤ ਆਪਣੇ ਵਿਧਾਨ ਸਭਾ ਖੇਤਰ ਤੋਂ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਇਸੇ ਦੌਰਾਨ ਅਣਪਛਾਤਿਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ।


ਦੱਸਿਆ ਜਾ ਰਿਹਾ ਹੈ ਕਿ ਸਰਸਵਤੀ ਪੂਰਾ ਦੌਰਾਨ ਪ੍ਰੋਗਰਾਮ ਵਿੱਚ ਮੰਚ ਤੋਂ ਉਤਰਨ ਬਾਅਦ ਹਮਲਾਵਰਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ। ਗੋਲ਼ੀਆਂ ਲੱਗਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਮੌਕੇ ’ਤੇ ਹੀ ਦਮ ਤੋੜ ਦਿੱਤਾ। ਸਥਾਨਕ ਲੋਕਾਂ ਮੁਤਾਬਕ ਉਹ ਕਾਫੀ ਮਿਲਣਸਾਰ ਸੁਭਾਅ ਦੇ ਮਾਲਕ ਸੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਧਰ ਟੀਐਮਸੀ ਦੇ ਜ਼ਿਲ੍ਹਾ ਪ੍ਰਧਾਨ ਗੌਰੀਸ਼ੰਕਰ ਦੱਤ ਨੇ ਇੱਕ ਸਥਾਨਕ ਲੀਡਰ ਨੂੰ ਇਸ ਘਟਨਾ ਦਾ ਜ਼ਿੰਮੇਦਾਰ ਦੱਸਿਆ ਹੈ।