ਨਵੀਂ ਦਿੱਲੀ: ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤ੍ਰਾ ਨੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਲੈਕੇ ਵੱਡੇ ਸਵਾਲ ਚੁੱਕੇ ਹਨ। ਮਹੂਆ ਮਿੱਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਬੀਐਸਐਫ ਦੀ ਤਾਇਨਾਤੀ ਕਰਕੇ ਉਨ੍ਹਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਤਾਇਨਾਤੀ ਹਟਾਈ ਜਾਵੇ।


ਮਹੂਆ ਮੋਇਤ੍ਰਾ ਨੇ ਇਸ ਨੂੰ ਲੈਕੇ ਪੁਲਿਸ ਨੂੰ ਚਿੱਠੀ ਲਿਖੀ ਹੈ। ਟੀਐਮਸੀ ਸੰਸਦ ਮੈਂਬਰ ਨੇ ਕਿਹਾ ਕਿ ਬਾਰਾਖੰਭਾ ਰੋਡ ਦੇ ਐਸਐਚਓ 12 ਫਰਵਰੀ ਦੀ ਸ਼ਾਮ ਕਰੀਬ ਸਾਢੇ ਛੇ ਵਜੇ ਮੇਰੀ ਰਿਹਾਇਸ਼ 'ਤੇ ਮਿਲਣ ਆਏ। ਇਸ ਤੋਂ ਕੁਝ ਦੇਰ ਬਾਅਦ ਕਰੀਬ 10 ਵਜੇ ਬੀਐਸਐਫ ਦੇ ਤਿੰਨ ਜਵਾਨਾਂ ਨੂੰ ਘਰ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ।


ਟੀਐਮਸੀ ਸੰਸਦ ਮੈਂਬਰ ਨੇ ਕਿਹਾ, 'ਇਨ੍ਹਾਂ ਸੁਰੱਖਿਆ ਬਲਾਂ ਦੇ ਵਿਵਹਾਰ ਨਾਲ ਲੱਗਾ ਕਿ ਉਹ ਮੂਵਮੈਂਟ ਨੂੰ ਨੋਟ ਕਰ ਰਹੇ ਹਨ। ਇਸ ਨਾਲ ਮੈਨੂੰ ਅਜਿਹਾ ਲੱਗਾ ਕਿ ਮੈਂ ਕਿਸੇ ਤਰ੍ਹਾਂ ਦੀ ਨਿਗਰਾਨੀ 'ਚ ਹਾਂ। ਇਸ ਦੇਸ਼ ਦੀ ਨਾਗਰਿਕ ਹੋਣ ਦੇ ਨਾਤੇ ਨਿਜਤਾ ਦਾ ਅਧਿਕਾਰ ਮੇਰਾ ਮੌਲਿਕ ਅਧਿਕਾਰ ਹੈ। ਮੈਂ ਜਦੋਂ ਪਤਾ ਲਾਇਆ ਤਾਂ ਇਹ ਜਾਣਕਾਰੀ ਮਿਲੀ ਕਿ ਮੇਰੀ ਸੁਰੱਖਿਆ ਲਈ ਬਾਰਾਖੰਭਾ ਰੋਡ ਤੋਂ ਇਨ੍ਹਾਂ ਆਰਮਡ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।


ਹਾਲਾਂਕਿ ਇਸ ਦੇਸ਼ ਦੀ ਆਮ ਨਾਗਰਿਕ ਦੇ ਤੌਰ 'ਤੇ ਮੈਂ ਕਦੇ ਇਸ ਤਰ੍ਹਾਂ ਦੀ ਸੁਰੱਖਖਿਆ ਦੀ ਕਦੇ ਮੰਗ ਨਹੀਂ ਕੀਤੀ। ਇਸ ਲਈ ਤਹਾਨੂੰ ਅਪੀਲ ਹੈ ਕਿ ਕਿਰਪਾ ਇਨ੍ਹਾਂ ਨੂੰ ਇੱਥੋਂ ਬੁਲਾ ਲਓ। ਦਿੱਲੀ ਪੁਲਿਸ ਨੂੰ ਖਤ ਲਿਖਣ ਤੋਂ ਬਾਅਦ ਪ੍ਰਤੀਕਿਰਿਆ ਦਿੰਦਿਆਂ ਮਹੂਆ ਮੋਇਤ੍ਰਾ ਨੇ ਅਪ੍ਰਤੱਖ ਤੌਰ 'ਤੇ ਸਰਕਾਰ ਨਾਲ ਨਿਸ਼ਾਨਾ ਸਾਧਿਆ।


ਉਨ੍ਹਾਂ ਕਿਹਾ, 'ਸਿਰਫ਼ ਮੇਰੀ ਸੁਰੱਖਿਆ ਕਰਨ ਤੇ ਸਾਧਨਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸਭ ਦੀ ਸੁਰੱਖਿਆ ਹੋਵੇ। ਮੈਨੂੰ ਕੁਝ ਖਾਸ ਨਹੀਂ ਚਾਹੀਦਾ ਮੈਂ ਸੁਰੱਖਿਆ ਨਹੀਂ ਲੈਂਦੀ। ਜੇਕਰ ਤੁਸੀਂ ਮੇਰੀ ਨਿਗਰਾਨੀ ਕਰ ਰਹੇ ਹੋ ਤਾਂ ਮੈਨੂੰ ਪੁੱਛੋ ਤੇ ਮੈਂ ਤਹਾਨੂੰ ਦੱਸੂੰਗੀ। ਭਾਰਤੀ ਲੋਕਤੰਤਰ ਪਹਿਲਾਂ ਤੋਂ ਹੀ ਖਤਰੇ 'ਚ ਹੈ। ਸਾਨੂੰ ਅਜਿਹਾ ਅਹਿਸਾਸ ਨਾ ਕਰਵਾਓ ਕਿ ਅਸੀਂ ਰੂਸੀ ਗੁਲਾਗ 'ਚ ਰਹਿ ਰਹੇ ਹਾਂ।