ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਇੱਕ ਵਾਰ ਫਿਰ ਦੁਨੀਆ ’ਚ ਤੇਜ਼ੀ ਨਾਲ ਫੈਲਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਹਨ। ਹਾਲੇ ਇਸ ਦੀ ਰੋਕਥਾਮ ਲਈ ਵੈਕਸੀਨ ਤਿਆਰ ਕਰਨ ਉੱਤੇ ਜ਼ੋਰਸ਼ੋਰ ਨਾਲ ਕੰਮ ਚੱਲ ਰਿਹਾ ਹੈ। ਪੂਰੀ ਦੁਨੀਆ ’ਚ ਇਸ ਵੇਲੇ 10 ਵੈਕਸੀਨਜ਼ ਉੱਤੇ ਕੰਮ ਚੱਲ ਰਿਹਾ ਹੈ। ਆਓ ਜਾਣੀਓ ਉਨ੍ਹਾਂ ਟੌਪ 5 ਵੈਕਸੀਨ ਬਾਰੇ, ਜਿਨ੍ਹਾਂ ਉੱਤੇ ਚੀਨ ਤੋਂ ਲੈ ਕੇ ਇੰਗਲੈਂਡ ਤੱਕ ਕੰਮ ਚੱਲ ਰਿਹਾ ਹੈ ਤੇ ਉਹ ਕਦੋਂ ਬਾਜ਼ਾਰ ’ਚ ਆਉਣਗੀਆਂ?

ਅਮਰੀਕੀ ਦਵਾ ਕੰਪਨੀ ਮੌਡਰਨਾ ਨੇ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦੇ ਪ੍ਰੀਖਣ ਦੇ ਨਤੀਜੇ ਜਾਰੀ ਕੀਤੇ ਹਨ। ਇਹ ਵੈਕਸੀਨ 94.5 ਫ਼ੀਸਦੀ ਅਸਰਦਾਰ ਸਿੱਧ ਹੋਈ ਹੈ। ਇਸ ਦੇ ਸਾਲ 2021 ਦੀ ਪਹਿਲੀ ਤਿਮਾਹੀ ਤੱਕ ਉਪਲਬਧ ਹੋਣ ਦੀ ਆਸ ਹੈ।

ਇੰਝ ਹੀ ਅਮਰੀਕੀ ਦਵਾ ਕੰਪਨੀ ਫ਼ਾਈਜ਼ਰ ਨੇ ਜਰਮਨ ਦਵਾ ਕੰਪਨੀ ਬਾਇਓਐਨਟੈੱਕ ਨਾਲ ਮਿਲ ਕੇ ਫ਼ਾਈਜ਼ਰ ਵੈਕਸੀਨ ਤਿਆਰ ਕੀਤੀ ਹੈ। ਇਹ 95 ਫ਼ੀਸਦੀ ਪ੍ਰਭਾਵੀ ਪਾਈ ਗਈ ਹੈ। ਇਸ ਨੂੰ 43,000 ਵਿਅਕਤੀਆਂ ਉੱਤੇ ਟੈਸਟ ਕੀਤਾ ਜਾ ਚੁੱਕਾ ਹੈ। ਇਸ ਦੀ ਇੱਕ ਖ਼ੁਰਾਕ 20 ਡਾਲਰ ਦੀ ਹੋਵੇਗੀ। ਇਹ ਅਗਲੇ ਸਾਲ ਦੇ ਅੰਤ ਤੱਕ ਉਪਲਬਧ ਹੋਵੇਗੀ।

ਰੂਸ ਨੇ ਸਭ ਤੋਂ ਪਹਿਲਾਂ ਸਪੂਤਨਿਕ-V ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਸੀ; ਜਿਹੜੀ 92 ਫ਼ੀਸਦੀ ਅਸਰਦਾਰ ਦੱਸੀ ਜਾ ਰਹੀ ਹੈ। ਭਾਰਤ ਦੇ ਡਾਕਟਰ ਰੈੱਡੀ ਲੈਬ. ਨਾਲ ਇਸ ਦਾ ਸਮਝੌਤਾ ਹੋਇਆ ਹੈ। ਇਹ ਅਗਲੇ ਸਾਲ ਦੀ ਦੂਜੀ ਤਿਮਾਹੀ ਤੱਕ ਬਾਜ਼ਾਰ ’ਚ ਮਿਲਣ ਲੱਗ ਪਵੇਗੀ।

ਬ੍ਰਿਟਿਸ਼ ਦਵਾ ਕੰਪਨੀ ਐਸਟ੍ਰਾਜ਼ੈਨੇਕਾ ਤੇ ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਵੈਕਸੀਨ ਦੇ ਨਤੀਜੇ ਕੁਝ ਹਫ਼ਤਿਆਂ ਵਿੱਚ ਸਾਹਮਣੇ ਆਉਣ ਦੀ ਆਸ ਹੈ।

ਚੀਨ ਦੇ ਵੁਹਾਨ ਇੰਸਟੀਚਿਊਟ ਆਫ਼ ਬਾਇਓਲੌਜੀਕਲ ਪ੍ਰੋਡਕਟਸ ਤੇ ਸਾਈਨੋਫ਼ਾਰਮਾ ਦੇ ਪ੍ਰੀਖਣ ਵੀ ਆਖ਼ਰੀ ਗੇੜ ’ਚ ਹਨ।