ਸ਼ਿਮਲਾ: ਸੂਬੇ 'ਚ ਇੱਕ ਵਾਰ ਫਿਰ ਤੋਂ ਸੈਲਾਨੀਆਂ ਦੀ ਆਮਦ ਹੋਣ ਲੱਗੀ ਹੈ। ਭਾਰੀ ਤਾਦਾਦ 'ਚ ਸੈਲਾਨੀਆਂ ਨੇ ਹਿਮਾਚਲ ਆਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਈ ਸੂਬਿਆਂ 'ਚ ਲੱਗੇ ਲੌਕਡਾਊਨ ਦੀ ਵਜ੍ਹਾ ਨਾਲ ਹਿਮਾਚਲ 'ਚ ਬੀਤੇ ਦੋ ਮਹੀਨਿਆਂ ਤੋਂ ਸੈਲਾਨੀਆਂ ਦੀ ਆਮਦ ਨਾਹ ਦੇ ਬਰਾਬਰ ਸੀ ਪਰ ਦੇਸ਼ ਦੇ ਕਈ ਸੂਬਿਆਂ 'ਚ ਹੋਈ ਅਨਲੌਕ ਦੀ ਸ਼ੁਰੂਆਤ ਤੋਂ ਬਾਅਦ ਹਿਮਾਚਲ ਸਰਕਾਰ ਨੇ ਵੀ ਸੂਬੇ 'ਚ ਕੋਰੋਨਾ ਕਰਫਿਊ 'ਚ ਢਿੱਲ ਦਿੱਤੀ ਹੈ ਤੇ ਦਾਖਲੇ ਲਈ ਆਰਟੀਪੀਸੀਆਰ ਦੀ ਲੋੜ ਖਤਮ ਕਰ ਦਿੱਤੀ ਹੈ।


ਇਸ ਤੋਂ ਬਾਅਦ ਸੈਲਾਨੀਆਂ ਨੇ ਹਿਮਾਚਲ ਵੱਲ ਰੁਖ਼ ਕੀਤਾ ਹੈ। ਸ਼ਨੀਵਾਰ ਤੇ ਐਤਾਵਰ ਸੂਬੇ 'ਚ ਆਉਣ ਲਈ 10,937 ਲੋਕਾਂ ਨੇ ਬਿਨੈ ਕੀਤਾ ਜਿਨ੍ਹਾਂ 'ਚੋਂ ਜ਼ਿਆਦਾਤਰ ਲੋਕ ਹਿਮਾਚਲ ਆ ਚੁੱਕੇ ਹਨ।


ਕਾਲਕਾ-ਸ਼ਿਮਲਾ ਹਾਈਵੇਅ-5 'ਤੇ ਲਗਾਤਾਰ ਸੈਲਾਨੀਆਂ ਦੀਆਂ ਗੱਡੀਆਂ ਆ ਰਹੀਆਂ ਹਨ। ਮੈਦਾਨੀ ਇਲਾਕਿਆਂ 'ਚ ਇਨੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਇਸ ਤੋਂ ਰਾਹਤ ਪਾਉਣ ਲਈ ਦੂਜੇ ਸੂਬਿਆਂ ਦੇ ਲੋਕਾਂ ਨੇ ਹਿਮਾਚਲ ਵੱਲ ਆਪਣਾ ਰੁਖ਼ ਕੀਤਾ ਹੈ।


ਸੈਲਾਨੀਆਂ ਦੇ ਆਉਣ ਨਾਲ ਕਸੌਲੀ, ਚੈਲ, ਸੋਲਨ ਤੇ ਸ਼ਿਮਲਾ 'ਚ ਚਹਿਲਕਦਮੀ ਵਧ ਗਈ ਹੈ। ਆਲਮ ਇਹ ਹੈ ਕਿ ਇਨ੍ਹਾਂ ਥਾਵਾਂ 'ਤੇ ਸੈਲਾਨੀਆਂ ਨੂੰ ਹੋਟਲਾਂ 'ਚ ਕਮਰੇ ਵੀ ਨਹੀਂ ਮਿਲ ਪਾ ਰਹੇ।