ਪਹਿਲਗਾਮ: ਸੋਮਵਾਰ ਨੂੰ ਦੱਖਣੀ ਕਸ਼ਮੀਰ ਵਿੱਚ ਪੱਥਰਬਾਜ਼ਾਂ ਨੇ ਸੈਰ ਕਰਨ ਆਏ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਿਆਂ 7 ਯਾਤਰੀ ਜ਼ਖ਼ਮੀ ਕਰ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਦੇ ਸਮੂਹ  ਨੇ ਅਸ਼ਮੁਕਮ ਖੇਤਰ ਦੇ ਪਹਿਲਗਾਮ ਵਿੱਚ ਕਰੀਬ 8 ਵਜੇ ਸਥਾਨਕ ਲੋਕਾਂ ਤੇ ਯਾਤਰੀਆਂ ਦੇ ਲਗਪਗ 8 ਵਾਹਨਾਂ ’ਤੇ ਪੱਥਰਬਾਜ਼ੀ ਕੀਤੀ। ਜ਼ਖ਼ਮੀ ਹੋਏ ਯਾਤਰੀਆਂ ਸਣੇ ਕੁੱਲ 47 ਯਾਤਰੀਆਂ ਦਾ ਸਮੂਹ 4 ਵੈਨਾਂ ਵਿੱਚ ਸਵਾਰ ਸੀ। ਯਾਤਰੀ ਕੇਰਲਾ ਤੋਂ ਆਏ ਸਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

 



ਜਾਣਕਾਰੀ ਮੁਤਾਬਕ ਅਸ਼ਮੁਕਮ ਨੇੜੇ ਇੱਕ ਮੇਲੇ ਦੌਰਾਨ ਲੋਕਾਂ ਦੇ ਭਾਰੀ ਇਕੱਠ ਹੋਇਆ ਸੀ ਜਿਸ ਨੂੰ ਵੇਖਦਿਆਂ ਉੱਥੋਂ ਦੇ ਨੌਜਵਾਨਾਂ ਨੇ ਉੱਥੋਂ ਲੰਘਦੇ ਵਾਹਨਾਂ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਇਦ ਉਹ ਪਿਛਲੇ ਦਿਨ ਦੀ ਘਟਨਾ ਦੇ ਗੁੱਸਾ ਕੱਢ ਰਹੇ ਸਨ। ਪੱਥਰਬਾਜ਼ੀ ਦੌਰਾਨ ਨੌਜਵਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ।

ਪਹਿਲਗਾਮ ਸਬ ਡਵੀਜ਼ਨਲ ਮੈਜਿਸਟਰੇਟ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਇਸ ਘਟਨਾ ਵਿਚ ਸਥਾਨਕ  ਲੋਕਾਂ ਦੇ ਵੀ 10 ਵਾਹਨ ਨੁਕਸਾਨੇ ਗਏ ਸਨ। ਉਨ੍ਹਾਂ ਕਿਹਾ ਕਿ ਜ਼ਖ਼ਮੀ ਯਾਤਰੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ।