ਗਗਨਦੀਪ ਸ਼ਰਮਾ
ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਭਰੇ ਰਿਸ਼ਤਿਆਂ ਦੀ ਸਭ ਤੋਂ ਭਾਰੀ ਮਾਰ ਵਪਾਰੀਆਂ, ਟਰਾਂਸਪੋਰਟਰਾਂ ਤੇ ਕੁੱਲੀਆਂ ਨੇ ਝੱਲੀ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰ ਨਾਲ ਜੁੜੇ ਵਪਾਰੀ, ਟਰਾਂਸਪੋਰਟਰ ਮਜ਼ਦੂਰ, ਕੁੱਲੀ ਤੇ ਹੋਟਲਾਂ ਦੇ ਮਾਲਕ ਦੀ ਰੋਜ਼ੀ-ਰੋਟੀ ਕਾਫੀ ਪ੍ਰਭਾਵਿਤ ਹੋਈ ਹੈ। ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋ ਜਾਣ ਤੋਂ ਬਾਅਦ ਇਨ੍ਹਾਂ ਨੇ ਆਪਣੇ ਪਰਿਵਾਰ ਦੀ ਰੋਟੀ ਲਈ ਠੋਕਰਾਂ ਖਾਧੀਆਂ। ਇਸ ਆਸ ਨਾਲ ਸਮਾਂ ਕੱਢਿਆ ਕਿ ਅਟਾਰੀ ਤੋਂ ਭਾਰਤ ਪਾਕਿਸਤਾਨ ਵਿਚਾਲੇ ਵਪਾਰ ਸ਼ੁਰੂ ਹੋ ਜਾਵੇਗਾ।
ਪਿਛਲੇ ਲੰਮੇ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਈ ਚੀਜ਼ਾਂ ਦਾ ਵਪਾਰ ਹੁੰਦਾ ਸੀ ਜਿਸ ਤੋਂ ਵਪਾਰੀ ਟਰਾਂਸਪੋਰਟਰ ਤੇ ਕੁੱਲੀ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾਉਂਦੇ ਸੀ ਪਰ ਭਾਰਤ ਵੱਲੋਂ ਬਾਲਾਕੋਟ ਵਿੱਚ ਏਅਰ ਸਟਰਾਈਕ ਕਰਨ ਤੋਂ ਬਾਅਦ ਤਲਖੀ ਭਰੇ ਰਿਸ਼ਤਿਆਂ ਦੌਰਾਨ ਪਾਕਿਸਤਾਨ ਤੋਂ ਆਉਣ ਵਾਲੇ ਮਟੀਰੀਅਲ ਦੇ 200 ਫੀਸਦੀ ਕਸਟਮ ਡਿਊਟੀ ਕੀਤੇ ਜਾਣ ਨਾਲ ਕੰਮ 60 ਫ਼ੀਸਦੀ ਤੱਕ ਘੱਟ ਗਿਆ ਸੀ। ਹਲਾਂਕਿ ਭਾਰਤ ਤੋਂ ਕਾਫੀ ਸਾਮਾਨ ਪਾਕਿਸਤਾਨ ਭੇਜਿਆ ਜਾਂਦਾ ਸੀ ਜਿਸ ਨਾਲ ਟਰਾਂਸਪੋਰਟਰਾਂ, ਵਪਾਰੀਆਂ ਤੇ ਕੁੱਲੀਆਂ ਦੀ ਰੋਜ਼ੀ ਰੋਟੀ ਚੱਲਦੀ ਸੀ।
ਇਸ ਤੋਂ ਬਾਅਦ ਸਰਕਾਰ ਜੰਮੂ ਕਸ਼ਮੀਰ ਦੇ ਵਿੱਚੋਂ ਭਾਰਤ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜਦ ਭਾਰਤ ਤੇ ਪਾਕਿਸਤਾਨ ਵਿਚਾਲੇ ਵਪਾਰਕ ਰਿਸ਼ਤੇ ਬਿਲਕੁਲ ਖਤਮ ਹੋ ਗਏ। ਇਸ ਦੀ ਮਾਰ ਸਭ ਤੋਂ ਵੱਧ ਵਪਾਰੀਆਂ, ਟਰਾਂਸਪੋਰਟਰਾਂ ਤੇ ਮਜ਼ਦੂਰਾਂ ਨੇ ਝੱਲੀ। ਹੁਣ ਇਹ ਮਸਲਾ ਸੰਸਦ ਵਿੱਚ ਗੂੰਜਿਆ ਹੈ, ਇਸ ਤੋਂ ਬਾਅਦ ਵਪਾਰੀ, ਟਰਾਂਸਪੋਰਟਰ ਤੇ ਕੁੱਲੀ ਇਸ ਨੂੰ ਆਸ ਦੀ ਇੱਕ ਕਿਰਨ ਵਜੋਂ ਦੇਖ ਰਹੇ ਹਨ ਕਿ ਸ਼ਾਇਦ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਲਖ਼ੀ ਘਟਣ ਦੀ ਸੰਭਾਵਨਾ ਨੂੰ ਲੈ ਕੇ ਵਪਾਰਕ ਸਬੰਧ ਵੀ ਦੁਬਾਰਾ ਬਹਾਲ ਹੋ ਜਾਣ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟਰਾਂ ਤੇ ਮਜ਼ਦੂਰਾਂ ਨੇ ਦੱਸਿਆ ਕਿ ਜਿੱਥੇ ਟਰਾਂਸਪੋਰਟਰਾਂ ਨੂੰ ਆਪਣੇ ਟਰੱਕ ਤੱਕ ਵੇਚਣੇ ਪਏ ਜਾਂ ਉਨ੍ਹਾਂ ਨੂੰ ਫਾਇਨਾਂਸ ਕੰਪਨੀਆਂ ਲੈ ਗਈਆਂ। ਉਥੇ ਹੀ ਮਜ਼ਦੂਰ ਦੂਰ ਦੁਰਾਡੇ ਜਾ ਕੇ ਦਿਹਾੜੀ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਜਦਕਿ ਵਪਾਰੀ ਸਿਰਫ਼ ਪੰਜ ਤੋਂ ਸੱਤ ਫੀਸਦੀ ਪਰਸੈਂਟ ਕੰਮ ਹੋਣ ਦੇ ਬਾਵਜੂਦ ਇਸ ਆਸ ਵਿੱਚ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇ ਰਹੇ ਹਨ ਕਿ ਸ਼ਾਇਦ ਇੱਕ ਦਿਨ ਦੋਵਾਂ ਦੇਸ਼ਾਂ 'ਚ ਵਪਾਰ ਮੁੜ ਬਹਾਲ ਹੋ ਜਾਵੇਗਾ ਤੇ ਉਹ ਪਹਿਲਾਂ ਦੀ ਤਰ੍ਹਾਂ ਰੋਜ਼ੀ ਰੋਟੀ ਕਮਾ ਸਕਣਗੇ।
ਵਪਾਰੀਆਂ, ਟਰਾਂਸਪੋਰਟਰਾਂ ਤੇ ਮਜ਼ਦੂਰਾਂ ਨੇ ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਵਿੱਚ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਉਮੀਦ ਪ੍ਰਗਟਾਈ ਹੈ। ਉਨ੍ਹਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਹਾਲਤ ਵੱਲ ਧਿਆਨ ਦਿੰਦੇ ਹੋਏ ਪਾਕਿਸਤਾਨ ਦੇ ਨਾਲ ਵਪਾਰਕ ਸਬੰਧ ਬਹਾਲ ਕਰਵਾਉਣ ਲਈ ਕਦਮ ਚੁੱਕੇਗੀ। ਹਾਲਾਂਕਿ ਇਹ ਵਪਾਰੀ ਟਰਾਂਸਪੋਰਟਰ ਅਤੇ ਕੁੱਲੀ ਭਾਰਤ ਵੱਲੋਂ ਲਏ ਗਏ ਹਰ ਫ਼ੈਸਲੇ ਨੂੰ ਸਿਰ ਮੱਥੇ ਮੰਨਦੇ ਰਹੇ ਹਨ ਤੇ ਭਾਰਤ ਸਰਕਾਰ ਨਾਲ ਖੜ੍ਹੇ ਵੀ ਦਿਖਾਈ ਦਿੱਤੇ ਹਨ।