ਸ਼ਿਮਲਾ: ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਵੱਡਾ ਜਾਮ ਦੇਖਣ ਨੂੰ ਮਿਲਿਆ। ਦਰਅਸਲ ਮੈਦਾਨੀ ਇਲਾਕਿਆਂ 'ਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਸਤਾਏ ਲੋਕਾਂ ਨੇ ਵੀਕਐਂਡ 'ਤੇ ਪਹਾੜਾਂ ਵੱਲ ਵਹੀਰਾਂ ਘੱਤੀਆਂ। ਏਨੇ ਜ਼ਿਆਦਾ ਸੈਲਾਨੀ ਹਿਮਾਚਲ ਪਹੁੰਚੇ ਕਿ ਹਾਈਵੇਅ ਪੂਰੀ ਤਰ੍ਹਾਂ ਪੈਕ ਹੋ ਗਿਆ ਤੇ ਐਤਵਾਰ ਸਵੇਰ ਤੋਂ ਲੈਕੇ ਦੇਰ ਰਾਤ ਤਕ ਕਰੀਬ 60 ਕਿਲੋਮੀਟਰ ਤਕ ਗੱਡੀਆਂ ਰਿੜ-ਰਿੜ ਕੇ ਚੱਲਣ ਲਈ ਮਜਬੂਰ ਸਨ।


ਪੂਰਾ ਦਿਨ ਜਾਮ ਲੱਗਾ ਰਿਹਾ। ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਹੋਏ। ਸੈਲਾਨੀਆਂ ਦੀ ਆਮਦ ਅਜੇ ਤਕ ਜਾਰੀ ਹੈ। ਹਾਈਵੇਅ ਇਸ ਕਦਰ ਸੈਲਾਨੀਆਂ ਨਾਲ ਭਰਿਆ ਸੀ ਕਿ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ। ਇਹ ਹਾਲ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਸਨਵਾਰਾ ਦਾ ਸੀ।


ਇਸ ਤੋਂ ਇਲਾਵਾ ਇਸੇ ਹਾਈਵੇਅ 'ਤੇ ਸੋਲਨ ਤੋਂ ਡੇਢਘਰਾਟ ਦੇ ਵਿਚ ਸ਼ਾਮ ਨੂੰ ਪੂਰੀ ਤਰ੍ਹਾਂ ਜਾਮ ਰਿਹਾ ਤੇ ਗੱਡੀਆਂ ਇਕ ਹੀ ਥਾਂ 'ਤੇ ਖੜੀਆਂ ਰਹੀਆਂ। ਇਸ ਤੋਂ ਅੱਗੇ ਕੰਢਾਘਾਟ ਸ਼ਿਮਲਾ ਦੇ ਵਿਚ ਹੌਲੀ-ਹੌਲ਼ੀ ਚੱਲਦੀਆਂ ਗੱਡੀਆਂ ਨਜ਼ਰ ਆਈਆਂ।


ਦਰਅਸਲ ਇਕ ਤਾਂ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ 'ਚ ਕਾਫੀ ਸਮੇਂ ਬਾਅਦ ਢਿੱਲ ਮਿਲੀ ਤੇ ਦੂਜਾ ਮੈਦਾਨੀ ਇਲਾਕਿਆਂ 'ਚ ਪੈ ਰਹੀ ਗਰਮੀ ਕਾਰਨ ਲੋਕਾਂ ਨੇ ਪਹਾੜੀ ਇਲਾਕਿਆਂ ਵੱਲ ਰੁਖ਼ ਕੀਤਾ ਹੋਇਆ ਹੈ। ਨਤੀਜੇ ਵਜੋਂ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ।