ਨਵੀਂ ਦਿੱਲੀ: ਇੱਕ ਸ਼ਕਤੀਸ਼ਾਲੀ ਸੋਲਰ ਤੂਫਾਨ ਤੇਜ਼ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਰਤੀ ਨਾਲ ਟਕਰਾ ਸਕਦਾ ਹੈ। ਇਹ ਤੂਫਾਨ ਲਗਪਗ 16 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਇਹ ਸੂਰਜ ਦੀ ਸਤਹ ਤੋਂ ਪੈਦਾ ਹੋਇਆ ਇਕ ਸ਼ਕਤੀਸ਼ਾਲੀ ਤੂਫਾਨ ਹੈ, ਜਿਸ ਦਾ ਧਰਤੀ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ।


‘ਸਪੇਸ ਵੇਦਰ ਡਾਟ ਕਾਮ’ ਵੈੱਬਸਾਈਟ ਅਨੁਸਾਰ, ਇਹ ਸੂਰਜੀ ਤੂਫਾਨ ਸੂਰਜ ਦੇ ਵਾਯੂਮੰਡਲ ਵਿੱਚ ਉਤਪੰਨ ਹੋਇਆ, ਜਿਸ ਕਾਰਣ ਚੁੰਬਕੀ ਖੇਤਰ ਦੇ ਦਬਅ ਵਾਲਾ ਖੇਤਰ ਬਹੁਤ ਪ੍ਰਭਾਵਿਤ ਹੋ ਸਕਦਾ ਹੈ। ਇਸ ਤੂਫਾਨ ਕਾਰਨ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ।


ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇ ਬਹੁਤਾ ਜ਼ਰੂਰੀ ਨਾ ਹੋਵੇ ਤਾਂ ਜਹਾਜ਼ ਰਾਹੀਂ ਯਾਤਰਾ ਕਰਨ ਤੋਂ ਪਰਹੇਜ਼ ਕਰੋ, ਕਿਉਂਕਿ ਸੈਟੇਲਾਈਟ ਸਿਗਨਲਾਂ ਵਿਚ ਵਿਘਨ ਪੈ ਸਕਦਾ ਹੈ। ਇਸ ਦਾ ਅਸਰ ਜਹਾਜ਼ਾਂ ਦੀ ਉਡਾਣ, ਰੇਡੀਓ ਸਿਗਨਲਾਂ, ਸੰਚਾਰ ਤੇ ਮੌਸਮ 'ਤੇ ਵੀ ਵੇਖਿਆ ਜਾ ਸਕਦਾ ਹੈ।


ਜਾਣੋ ਕਿਵੇਂ ਹੋ ਸਕਦਾ ਇਸ ਨਾਲ ਨੁਕਸਾਨ?


ਇਸ ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਮਾਹੌਲ ਗਰਮ ਹੋ ਸਕਦਾ ਹੈ, ਜੋ ਸਿੱਧਾ ਸੈਟੇਲਾਈਟ ਨੂੰ ਪ੍ਰਭਾਵਤ ਕਰੇਗਾ। ਇਹ ਫੋਨ, ਸੈਟੇਲਾਈਟ ਟੀਵੀ ਅਤੇ ਜੀਪੀਐਸ ਨੈਵੀਗੇਸ਼ਨ ਨੂੰ ਪ੍ਰਭਾਵਤ ਕਰੇਗਾ, ਜੋ ਰੁਕਾਵਟ ਦਾ ਕਾਰਨ ਬਣ ਸਕਦਾ ਹੈ, ਜਦੋਂ ਕਿ ਪਾਵਰ–ਲਾਈਨ ਵਿੱਚ ਕਰੰਟ ਲੱਗਣ ਦਾ ਵੀ ਖ਼ਤਰਾ ਹੈ। ਹਾਲਾਂਕਿ, ਧਰਤੀ ਦਾ ਚੁੰਬਕੀ ਖੇਤਰ ਇਸ ਦੇ ਵਿਰੁੱਧ ਇੱਕ ਸੁਰਖਿਆਤਮਕ ਢਾਲ਼ ਦਾ ਕੰਮ ਕਰਦਾ ਹੈ, ਇਸ ਲਈ ਇਸ ਦੇ ਹੋਣ ਦੀਆਂ ਸੰਭਾਵਨਾਵਾਂ ਨਾ-ਮਾਤਰ ਹਨ।


ਪਹਿਲਾਂ ਵੀ ਆ ਚੁੱਕੇ ਹਨ ਸੂਰਜੀ ਤੂਫਾਨ


ਇਸ ਤੋਂ ਪਹਿਲਾਂ ਸਾਲ 1989 ਵਿਚ, ਸੂਰਜੀ ਤੂਫਾਨ ਕਾਰਨ, ਕੈਨੇਡਾ ਦੇ ਕਿਊਬੈਕ ਸ਼ਹਿਰ ਵਿਚ 12 ਘੰਟਿਆਂ ਲਈ ਬਿਜਲੀ ਬੰਦ ਰਹੀ ਸੀ। ਉਸ ਸਮੇਂ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਲ 1859 ਵਿਚ, ਇਕ ਭੂ-ਚੁੰਬਕੀ ਤੂਫਾਨ ਆਇਆ, ਜਿਸ ਨੇ ਯੂਰਪ ਅਤੇ ਅਮਰੀਕਾ ਵਿਚ ਤਾਰਾਂ ਦੇ ਨੈਟਵਰਕ ਨੂੰ ਨਸ਼ਟ ਕਰ ਦਿੱਤਾ ਸੀ।