ਸ਼ਿਮਲਾ: ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੁਣ ਹੋਰ ਵੀ ਖ਼ਾਸ ਹੋ ਗਈ ਹੈ। ਸ਼ਿਮਲਾ ਵਿੱਚ ਸੈਲਾਨੀਆਂ ਦੀ ਸਹੂਲਤ ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਰੇਲਵੇ ਸਟੇਸ਼ਨ ਤੋਂ ਪੁਰਾਣੇ ਬੱਸ ਸਟੈਂਡ ਤਕ ਚੱਲੇਗੀ।

ਦੇਸ਼ ਦੇ ਕਈ ਸ਼ਹਿਰਾਂ ਵਿੱਚ ਚੱਲਦੀਆਂ ਮੈਟਰੋ ਜਾਂ ਸਥਾਨਕ ਰੇਲਾਂ ਵਾਂਗ ਇਹ ਸੇਵਾ ਸ਼ਿਮਲਾ ਵਿੱਚ ਵੀ ਪਹਿਲਾਂ ਤੋਂ ਮੌਜੂਦ ਸੀ, ਪਰ ਪਿਛਲੇ 20 ਸਾਲਾਂ ਤੋਂ ਠੱਪ ਸੀ। ਹੁਣ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ।

ਰੇਲਵੇ ਨੇ ਇਸ ਵਿੱਚ ਖ਼ਾਸ ਐਗ਼ਜ਼ੀਕਿਊਟਿਵ ਕੋਚ ਚਲਾਏ ਜਾ ਰਹੇ ਹਨ, ਜਿਸ ਵਿੱਚ ਦੋ ਬੋਗ਼ੀਆਂ ਲਾਈਆਂ ਗਈਆਂ ਹਨ। ਇਹ ਟ੍ਰੇਨ ਰੇਲਵੇ ਸਟੇਸ਼ਨ ਤੋਂ ਸਵੇਰੇ 11 ਵਜੇ ਚੱਲੇਗੀ ਤੇ ਬਾਬਾ ਭਲਕੁ ਅਜਾਇਬਘਰ ਵਿੱਚ ਕੁਝ ਸਮਾਂ ਰੁਕਣ ਤੋਂ ਬਾਅਦ ਵਾਪਸ ਰੇਲਵੇ ਸਟੇਸ਼ਨ ਪਹੁੰਚੇਗੀ। ਇਹ ਵਿਸ਼ੇਸ਼ ਰੇਲ ਆਪਣਾ ਦੂਜਾ ਗੇੜਾ ਬਾਅਦ ਦੁਪਹਿਰ 2:50 ਵਜੇ ਲਾਏਗੀ।

ਇਸ ਇੱਕੋ ਰੂਟ ਦਾ ਕਿਰਾਇਆ 50 ਰੁਪਏ ਤੈਅ ਕੀਤਾ ਗਿਆ ਹੈ। ਰੋਲਿੰਗ ਸਟਾਕ ਦੇ ਮੈਂਬਰ ਰਾਜੇਸ਼ਾ ਅੱਗਰਵਾਲ ਨੇ ਦੱਸਿਆ ਕਿ ਇਸ ਟਰੇਨ ਵਿੱਚ ਬੈਠ ਕੇ ਸੈਲਾਨੀ ਸ਼ਿਮਲਾ ਦੀਆਂ ਖ਼ੂਬਸੂਰਤ ਵਾਦੀਆਂ ਦਾ ਆਨੰਦ ਚੁੱਕ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਟਰੇਨ ਪਹਿਲਾਂ ਵੀ ਚੱਲਦੀ ਸੀ, ਪਰ ਰੇਲਵੇ ਸਟੇਸ਼ਨ 'ਤੇ ਮਾਲ ਦੀ ਢੋਆ-ਢੁਆਈ ਕਾਰਨ ਇਹ ਟ੍ਰੈਕ ਬੰਦ ਕਰ ਦਿੱਤਾ ਗਿਆ।

ਹੁਣ ਇਸ ਨੂੰ 20 ਸਾਲਾਂ ਬਾਅਦ ਸ਼ੁਰੂ ਕੀਤਾ ਗਿਆ ਹੈ। ਅੱਗਰਵਾਲ ਨੇ ਦੱਸਿਆ ਕਿ ਸੈਲਾਨੀ ਅਜਾਇਬਘਰ ਵਿੱਚ ਕੁਝ ਸਮਾਂ ਬਿਤਾ ਸਕਣਗੇ ਤੇ ਉੱਥੇ ਖਾਣ-ਪੀਣ ਦੀ ਚੀਜ਼ਾਂ ਦਾ ਜ਼ਾਇਕਾ ਵੀ ਲੈ ਸਕਣਗੇ।