ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਭਾਵ ਰੇਲਵੇ 'ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਘੱਟ ਯਾਤਰੀਆਂ ਕਾਰਨ 85 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਰੇਲ ਗੱਡੀਆਂ ਨੂੰ ਕੋਰੋਨਾ ਕਾਰਨ ਯਾਤਰੀਆਂ ਦੀ ਘੱਟ ਸੰਖਿਆ ਕਾਰਨ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰੇਲਵੇ ਨੇ 25 ਗੱਡੀਆਂ ਨੂੰ ਰੱਦ ਕੀਤਾ, ਦੱਖਣੀ ਕੇਂਦਰੀ ਰੇਲਵੇ ਨੇ 29 ਅਤੇ ਪੱਛਮੀ ਰੇਲਵੇ ਨੇ 10 ਅਤੇ ਦੱਖਣ ਪੂਰਬੀ ਰੇਲਵੇ ਨੇ 9 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ।
ਇਸ ਤੋਂ ਇਲਾਵਾ, ਪੂਰਬੀ ਤੱਟ ਅਤੇ ਉੱਤਰੀ ਰੇਲਵੇ ਨੇ ਪੰਜ ਗੱਡੀਆਂ ਨੂੰ ਰੱਦ ਕਰ ਦਿੱਤਾ ਜਦੋਂ ਕਿ ਉੱਤਰ ਪੱਛਮੀ ਰੇਲਵੇ ਨੇ ਚਾਰ ਰੇਲ ਗੱਡੀਆਂ ਨੂੰ ਰੱਦ ਕੀਤਾ ਹੈ। ਇਨ੍ਹਾਂ ਵਿੱਚ ਕੁਝ ਬਹੁਤ ਮਸ਼ਹੂਰ ਟ੍ਰੇਨਾਂ ਵੀ ਸ਼ਾਮਲ ਹਨ। ਕੇਂਦਰੀ ਰੇਲਵੇ ਵਲੋਂ ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ, ਕੁਝ ਰੇਲ ਗੱਡੀਆਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕੁਝ ਇੱਕ ਦੇ ਗੇੜੇ ਘੱਟਾ ਦਿੱਤੇ ਗਏ ਹਨ।
ਕੇਂਦਰੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿਚੋਂ, ਡੇਕਨ ਐਕਸਪ੍ਰੈਸ, ਨੰਦੀਗ੍ਰਾਮ ਐਕਸਪ੍ਰੈਸ ਅਤੇ ਪ੍ਰਾਂਤੀ ਐਕਸਪ੍ਰੈਸ ਸਮੇਤ ਕਈ ਰੇਲ ਗੱਡੀਆਂ 1 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਉਸੇ ਸਮੇਂ, ਪੱਛਮੀ ਰੇਲਵੇ ਨੇ ਦੁਰਾਂਟੋ, ਹਮਸਫ਼ਰ ਸਣੇ 10 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਅੰਬਾਲਾ ਮੰਡਲ ਨੇ ਛੇ ਗੱਡੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਪਲੇਟਫਾਰਮ ਟਿਕਟ ਹੋਈ ਮਹਿੰਗੀ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ-ਭੜੱਕੇ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਰੇਲਵੇ ਦੇ ਕੁਝ ਜ਼ੋਨਾਂ ਨੇ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ ਨੂੰ ਕੰਟਰੋਲ ਕਰਨ ਲਈ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨਕ ਤੌਰ ‘ਤੇ ਕੀਤਾ ਗਿਆ ਹੈ।