ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪੇਸ਼ ਕੀਤਾ। ਇਸ ਦੌਰਾਨ ਵਿਰੋਧੀ ਧਿਰਾਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖਦੇ ਹੋਏ ਵੋਟਿੰਗ ਕਰਵਾਈ ਗਈ। ਬਿੱਲ ਪੇਸ਼ ਕਰਨ ਦੀ ਹਮਾਇਤ ‘ਚ 186 ਵੋਟ ਪਏ ਜਦਕਿ ਇਸ ਦੇ ਵਿਰੋਧ ‘ਚ 74 ਵੋਟ ਪਏ।

ਕਾਨੂੰਨ ਮੰਤਰੀ ਰਵੀਸ਼ੰਕਰ ਨੇ ਸਦਨ ‘ਚ ‘ਮੁਸਲਿਮ ਮਹਿਲਾ ਕਾਨੂੰਨ 2019’ ਪੇਸ਼ ਕਰਦੇ ਹੋਏ ਕਿਹਾ ਕਿ ਕਾਨੂੰਨ ਪਿਛਲੀ ਲੋਕ ਸਭਾ ‘ਚ ਪਾਸ ਹੋ ਚੁੱਕਿਆ ਹੈ ਪਰ 16ਵੀਂ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਣ ਕਰਕੇ ਤੇ ਰਾਜਸਭਾ ‘ਚ ਲੰਬਿਤ ਹੋਣ ਕਾਰਨ ਇਹ ਲਾਗੂ ਨਹੀਂ ਹੈ। ਇਸ ਲਈ ਸਰਕਾਰ ਨੇ ਇਸ ਨੂੰ ਦੁਬਾਰਾ ਸਦਨ ‘ਚ ਪੇਸ਼ ਕੀਤਾ ਹੈ।

ਰਵੀਸ਼ੰਕਰ ਪ੍ਰਸਾਦ ਨੇ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਕੁਝ ਮੈਂਬਰਾਂ ਦੇ ਇਤਰਾਜ਼ ਨੂੰ ਸਿਰੇ ਤੋਂ ਦਰਕਿਨਾਰ ਕਰਦੇ ਹੋਏ ਕਿਹਾ, “ਜਨਤਾ ਨੇ ਸਾਨੂੰ ਕਾਨੂੰਨ ਬਣਾਉਣ ਲਈ ਭੇਜਿਆ ਹੈ। ਕਾਨੂੰਨ ‘ਤੇ ਬਹਿਸ ਤੇ ਵਿਆਖਿਆ ਦਾ ਕੰਮ ਅਦਾਲਤ ‘ਚ ਹੁੰਦਾ ਹੈ। ਸੰਸਦ ਨੂੰ ਅਦਾਲਤ ਬਣਨ ਨਹੀਂ ਦੇਣਾ ਚਾਹੀਦਾ।

ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਬਿੱਲ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਅਜੇ ਮੰਤਰੀ ਬਿੱਲ ਪੇਸ਼ ਕਰਨ ਦੀ ਇਜਾਜ਼ਤ ਮੰਗ ਰਹੇ ਹਨ। ਦਿੱਕਤਾਂ ਉਸ ਤੋਂ ਬਾਅਦ ਦਰਜ ਕਰਵਾਈਆਂ ਜਾ ਸਕਦੀਆਂ ਹਨ।

ਇਸ ਬਿੱਲ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਕਿਹਾ, “ਅਸੀ ਤਿੰਨ ਤਲਾਕ ਸਬੰਧਤ ਬਿੱਲ ਪੇਸ਼ ਕੀਤੇ ਜਾਣ ਨਾਲ ਇਤਫਾਕ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸੇ ਇੱਕ ਸਮਾਜ ਤਕ ਸੀਮਤ ਨਹੀਂ ਹੋਣਾ ਚਾਹੀਦਾ। ਸ਼ਸ਼ੀ ਨੇ ਇਸ ਨੂੰ ਸਾਰੇ ਭਾਈਚਾਰਿਆਂ ‘ਤੇ ਲਾਗੂ ਹੋਣ ਲਈ ਜ਼ਰੂਰ ਕਿਹਾ।

ਇਸ ਬਿੱਲ ਤਹਿਤ ਮੁਸਲਿਮ ਮਹਿਲਾਵਾਂ ਨੂੰ ਇੱਕ ਵਾਰ ‘ਚ ਤਿੰਨ ਵਾਰ ਤਲਾਕ ਕਹੇ ਜਾਣ ਨਾਲ ਵਿਆਹੁਤਾ ਸਬੰਧ ਖ਼ਤਮ ਕਰਨਾ ਗੈਰ-ਕਾਨੂੰਨੀ ਹੋਵੇਗਾ। ਬਿੱਲ ‘ਚ ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਦੀ ਕੈਦ ਦਾ ਪ੍ਰਵਧਾਨ ਹੈ।