ਨਵੀਂ ਦਿੱਲੀ: ਇਸੇ ਮਹੀਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਕੇਰਲ ਦੌਰਾ ਕਰਨ ਗਏ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪੀਐਮ ਮੋਦੀ ਜਦੋਂ ਕੇਰਲ ਦੇ ਗੁਰੂਵਾਊਰ ਮੰਦਰ ਵਿੱਚ ਪੂਜਾ ਕਰਨ ਗਏ ਸੀ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਖ਼ੁਲਾਸੇ ਦੇ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮੱਚ ਗਿਆ ਹੈ ਤੇ ਮੋਦੀ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਗੁਰੂਵਾਊਰ ਮੰਦਰ ਦੇ ਦਫ਼ਤਰ ਨੂੰ ਇੱਕ ਲਿਫਾਫਾ ਭੇਜਿਆ ਗਿਆ ਸੀ ਜਿਸ ਵਿੱਚ 500 ਰੁਪਏ ਦਾ ਇੱਕ ਨੋਟ ਵੀ ਸੀ। ਇਸ ਨੋਟ 'ਤੇ ਮਲਿਆਲਮ ਭਾਸ਼ਾ ਵਿੱਚ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਲਿਖੀ ਸੀ। ਇਸ ਨੋਟ 'ਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਲਿਖਿਆ ਗਿਆ ਸੀ।

ਦੱਸ ਦੇਈਏ 8 ਜੂਨ ਨੂੰ ਪੀਐਮ ਮੋਦੀ ਕੇਰਲ ਦੇ ਗੁਰੂਵਾਊਰ ਮੰਦਰ ਵਿੱਚ ਗਏ ਸੀ ਤੇ ਪੀਐਮ ਮੋਦੀ ਦੇ ਦੌਰੇ ਦੇ ਇੱਕ ਦਿਨ ਪਹਿਲਾਂ 7 ਜੂਨ ਨੂੰ ਧਮਕੀ ਵਾਲੀ ਚਿੱਠੀ ਭੇਜੀ ਗਈ ਸੀ। ਇਸ ਖ਼ੁਲਾਸੇ ਬਾਅਦ ਸੁਰੱਖਿਆ ਏਜੰਸੀਆਂ ਨੇ ਧਮਕੀ ਨੂੰ ਗੰਭੀਰਤਾ ਨਾਲ ਲੈ ਲਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਲਿਫਾਫਾ ਕਿੱਥੋਂ ਆਇਆ ਤੇ ਕਿਸ ਨੇ ਭੇਜਿਆ ਸੀ?