ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਪ੍ਰਾਈਵੇਟ ਬੱਸ ਦੇ ਵੀਰਵਾਰ ਨੂੰ ਡੂੰਘੇ ਨਾਲੇ ’ਚ ਡਿੱਗ ਜਾਣ ਕਰਕੇ 44 ਜਣਿਆਂ ਦੀ ਮੌਤ ਹੋ ਗਈ ਤੇ 35 ਜਣੇ ਜ਼ਖ਼ਮੀ ਹੋ ਗਏ। ਹੈਰਾਨੀ ਦੀ ਗੱਲ ਹੈ ਕਿ 42 ਸਵਾਰੀਆਂ ਦੀ ਸਮਰੱਥਾ ਵਾਲੀ ਬੱਸ ਵਿੱਚ 79 ਸਵਾਰੀਆਂ ਸਨ। ਮ੍ਰਿਤਕਾਂ ਵਿੱਚ ਵਧੇਰੇ ਕੁੱਲੂ ਜ਼ਿਲ੍ਹੇ ਨਾਲ ਸਬੰਧਤ ਹਨ।

ਬੱਸ ਕੁੱਲੂ ਤੋਂ 50 ਕਿਲੋਮੀਟਰ ਦੂਰ ਬੰਜਾਰ ਤਹਿਸੀਲ ’ਚ ਢੋਥ ਮੋੜ ਨੇੜੇ 300 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਬੱਸ (ਐਚਪੀ 66-7065) ਗੜ੍ਹ ਗੁਸ਼ਾਨੀ ਜਾ ਰਹੀ ਸੀ। ਬੱਸ ਦੀ ਸਮਰੱਥਾ 42 ਸਵਾਰੀਆਂ ਦੀ ਸੀ ਪਰ ਭੀੜ ਜ਼ਿਆਦਾ ਹੋਣ ਕਾਰਨ ਤੇ ਚਾਲਕ ਦੀ ਲਾਪ੍ਰਵਾਹੀ ਕਾਰਨ ਹਾਦਸਾ ਵਾਪਰ ਗਿਆ।

ਹਿਮਾਚਲ ਦੇ ਮੁੱਖ ਮੰਤਰੀ ਨੇ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਲਈ ਤੁਰੰਤ 50-50 ਹਜ਼ਾਰ ਰੁਪਏ ਦੀ ਰਾਹਤ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਲੂ ਬੱਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।