ਤ੍ਰਿਪੁਰਾ 'ਚ ਸ਼ੁੱਕਰਵਾਰ (7 ਜੁਲਾਈ) ਨੂੰ ਪੰਜ ਵਿਧਾਇਕਾਂ ਨੂੰ ਮੁਅੱਤਲ ਕਰਨ ਅਤੇ ਸੱਤਾਧਾਰੀ ਭਾਜਪਾ ਦੇ ਇਕ ਵਿਧਾਇਕ ਦੇ ਸਦਨ 'ਚ ਕਥਿਤ ਤੌਰ 'ਤੇ ਅਸ਼ਲੀਲ ਫਿਲਮ ਦੇਖਣ ਦੇ ਮਾਮਲੇ 'ਤੇ ਚਰਚਾ ਨਾ ਹੋਣ ਦੇਣ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ ਹੋਇਆ।


ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਮੈਂਬਰ ਦੋ ਵਾਰ ਵਾਕਆਊਟ ਕਰ ਗਏ। ਸਦਨ ਦੇ ਅੰਦਰੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਕੁਝ ਵਿਧਾਇਕ ਮੇਜ਼ 'ਤੇ ਚੜ੍ਹ ਕੇ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਦੇ ਨੇਤਾਵਾਂ ਦੇ ਸਦਨ 'ਚ ਪ੍ਰਦਰਸ਼ਨ ਤੋਂ ਬਾਅਦ ਸਪੀਕਰ ਵਿਸ਼ਵਬੰਧੂ ਸੇਨ ਨੇ ਪੰਜ ਵਿਧਾਇਕਾਂ ਨੂੰ ਇਕ ਦਿਨ ਲਈ ਮੁਅੱਤਲ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਸਦਨ 'ਚੋਂ ਵਾਕਆਊਟ ਕਰ ਗਈਆਂ।




ਵਿਧਾਨ ਸਭਾ ਸਪੀਕਰ ਸੇਨ ਨੇ ਕੁਝ ਸਮੇਂ ਬਾਅਦ ਮੁੱਖ ਮੰਤਰੀ ਮਾਨਿਕ ਸਾਹਾ ਦੀ ਬੇਨਤੀ 'ਤੇ ਵਿਧਾਇਕਾਂ ਦੀ ਮੁਅੱਤਲੀ ਦਾ ਹੁਕਮ ਵਾਪਸ ਲੈ ਲਿਆ। ਮੁਅੱਤਲੀ ਖ਼ਤਮ ਹੋਣ ਤੋਂ ਬਾਅਦ, ਪੰਜ ਵਿਧਾਇਕ ਸਦਨ ​​ਵਿੱਚ ਪਰਤ ਆਏ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵਿਧਾਇਕ ਦੇ ਵਿਵਹਾਰ ਲਈ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦੋਂ ਸਪੀਕਰ ਨੇ ਇਨਕਾਰ ਕਰ ਦਿੱਤਾ ਤਾਂ ਵਿਰੋਧੀ ਧਿਰ ਦੇ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ।


ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਵਿਧਾਇਕ ਨਯਨ ਸਰਕਾਰ, ਕਾਂਗਰਸ ਦੇ ਸੁਦੀਪ ਰਾਏ ਬਰਮਨ ਅਤੇ ਤਿੰਨ ਟਿਪਰਾ ਮੋਥਾ ਵਿਧਾਇਕਾਂ... ਬ੍ਰਿਸਵਕੇਤੂ ਦੇਬਰਮਾ, ਨੰਦਿਤਾ ਰੇਂਗ ਅਤੇ ਰਣਜੀਤ ਦੇਬਰਮਾ ਨੂੰ ਬਜਟ ਸੈਸ਼ਨ ਦੇ ਪਹਿਲੇ ਦਿਨ 'ਵਿਘਨ ਪਾਉਣ' ਲਈ ਮੁਅੱਤਲ ਕਰ ਦਿੱਤਾ ਗਿਆ ਸੀ। ..



ਟਿਪਰਾ ਮੋਥਾ ਦੇ ਵਿਧਾਇਕ ਅਨੀਮੇਸ਼ ਦੇਬਰਮਾ ਨੇ ਭਾਜਪਾ ਵਿਧਾਇਕ ਜਾਦਬ ਲਾਲ ਨਾਥ ਦੇ ਦੁਰਵਿਵਹਾਰ 'ਤੇ ਚਰਚਾ ਦੀ ਮੰਗ ਕੀਤੀ ਹੈ। ਭਾਜਪਾ ਵਿਧਾਇਕ 30 ਮਾਰਚ ਨੂੰ ਵਿਧਾਨ ਸਭਾ ਦੇ ਅੰਦਰ ਕਥਿਤ ਤੌਰ 'ਤੇ ਆਪਣੇ ਮੋਬਾਈਲ ਫੋਨ 'ਤੇ ਅਸ਼ਲੀਲ ਫਿਲਮ ਦੇਖ ਰਿਹਾ ਸੀ। ਦੇਬਰਮਾ ਇਸ ਮੁੱਦੇ 'ਤੇ ਮੁਲਤਵੀ ਮਤਾ ਲਿਆਉਣਾ ਚਾਹੁੰਦੇ ਸਨ ਪਰ ਸਪੀਕਰ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਅਤੇ ਵਿੱਤ ਮੰਤਰੀ ਪ੍ਰਣਜੀਤ ਸਿੰਘ ਰਾਏ ਨੂੰ ਚਾਲੂ ਵਿੱਤੀ ਸਾਲ ਦਾ ਬਜਟ ਪੇਸ਼ ਕਰਨ ਲਈ ਕਿਹਾ।



ਸਪੀਕਰ ਦੇ ਫੈਸਲੇ ਤੋਂ ਨਾਰਾਜ਼ ਟਿਪਰਾ ਮੋਥਾ ਦੇ ਵਿਧਾਇਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਦਬ ਲਾਲ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਸੀਪੀਆਈ (ਐਮ) ਅਤੇ ਕਾਂਗਰਸ ਦੇ ਵਿਧਾਇਕ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਮੰਚ ਦੇ ਸਾਹਮਣੇ ਆ ਗਏ। ਇਸ ਦੌਰਾਨ ਵਿੱਤ ਮੰਤਰੀ ਨੇ ਆਪਣਾ ਬਜਟ ਭਾਸ਼ਣ ਜਾਰੀ ਰੱਖਿਆ। ਸਪੀਕਰ ਨੇ ਪਹਿਲਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਦੇ ਅੰਦਰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮੁਅੱਤਲ ਕਰਨ 'ਤੇ ਮੁੜ ਵਿਚਾਰ ਕਰਨਗੇ, ਪਰ ਉਨ੍ਹਾਂ ਨੇ ਵਾਕਆਊਟ ਕਰ ਦਿੱਤਾ।