ਚੰਡੀਗੜ੍ਹ: ਜੰਮੂ ਦੇ ਕਠੂਆ ਵਿੱਚੋਂ ਇੱਕ ਟਰੱਕ ਫੜਿਆ ਗਿਆ ਜਿਸ ਵਿੱਚੋਂ ਮਿਲੇ ਹਥਿਆਰਾਂ ਦੇ ਤਾਰ ਪੰਜਾਬ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਹ ਟਰੱਕ ਪਠਾਨਕੋਟ ਰਾਹੀਂ ਜੰਮੂ ਵਿੱਚ ਦਾਖਲ ਹੋਇਆ ਸੀ। ਇਸ ਬਾਰੇ ਟੋਲ ਟੈਕਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਟਰੱਕ 8 ਸਤੰਬਰ ਰਾਤ 9:14 ਵਜੇ ਅੰਮ੍ਰਿਤਸਰ-ਕੱਥੂਨੰਗਲ ਟੋਲ ਤੋਂ ਲੰਘਿਆ ਤੇ ਪਠਾਨਕੋਟ ਵੱਲ ਗਿਆ। ਕਰੀਬ 3 ਦਿਨ ਇਹ ਟਰੱਕ ਅੰਮ੍ਰਿਤਸਰ ਤੋਂ ਪਠਾਨਕੋਟ ਵਿੱਚ ਰਿਹਾ।



ਦੱਸ ਦੇਈਏ ਜੰਮੂ ਪੁਲਿਸ ਨੇ ਇਸ ਟਰੱਕ ਵਿੱਚੋਂ ਵੀਰਵਾਰ ਸਵੇਰੇ ਚਾਰ ਏਕੇ-56 ਤੇ ਦੋ ਏਕੇ-47 ਰਾਈਫਲਾਂ ਤੋਂ ਇਲਾਵਾ 180 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨ ਸ਼ੱਕੀ ਬੰਦਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 11,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦਾ ਸਬੰਧ ਜੈਸ਼-ਏ-ਮੁਹੰਮਦ ਨਾਲ ਹੈ।


ਉਧਰ, ਪੰਜਾਬ ਪੁਲਿਸ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਟਰੱਕ ਵਿੱਚ ਹਥਿਆਰ ਅਸਾਨੀ ਨਾਲ ਹੱਦ ਪਾਰ ਕਿਵੇਂ ਹੋ ਗਏ। ਪੰਜਾਬ ਪੁਲਿਸ ਨੇ ਕਿਸੇ ਵੀ ਨਾਕੇ 'ਤੇ ਚੈਕਿੰਗ ਕਿਉਂ ਨਹੀਂ ਕੀਤੀ। ਇਸ ਬਾਰੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਕਠੂਆ ਭੇਜੀ ਗਈ ਹੈ। ਪੰਜਾਬ ਪੁਲਿਸ ਦੀ ਟੀਮ ਜੰਮੂ-ਕਸ਼ਮੀਰ ਪੁਲਿਸ ਨਾਲ ਜਾਂਚ ਵਿੱਚ ਜੁਟ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਨੀਅਰ ਅਫਸਰ ਜੰਮੂ-ਕਸ਼ਮੀਰ ਪੁਲਿਸ ਦੇ ਸੰਪਰਕ ਵਿੱਚ ਹਨ।


ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬੰਦਿਆਂ ਦੀ ਪਛਾਣ ਉਬੈਦ-ਉਲ-ਇਸਲਾਮ, ਜਾਂਹਗੀਰ ਅਹਿਮਦ ਪੈਰੀ ਤੇ ਸ਼ਬੀਲ ਅਹਿਮਦ ਬਾਬਾ ਵਜੋਂ ਹੋਈ ਹੈ ਜੋ ਕਸ਼ਮੀਰ ਦਾ ਨਾਗਰਿਕ ਹਨ। ਇਹ ਕਥਿਤ ਤੌਰ 'ਤੇ ਪੰਜਾਬ ਤੋਂ ਕਸ਼ਮੀਰ ਵਿੱਚ ਹਥਿਆਰ ਸਪਲਾਈ ਕਰ ਰਹੇ ਸੀ। ਇਨ੍ਹਾਂ ਦਾ ਮਕਸਦ ਕਸ਼ਮੀਰ ਵਿੱਚ ਗੜਬੜੀ ਫੈਲਾਉਣਾ ਸੀ।