ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਬੀਜੇਪੀ ਦੇਸ਼ ਭਰ ਵਿੱਚ ਇੱਕ ਸੇਵਾ ਹਫਤੇ ਵਜੋਂ ਮਨਾਏਗੀ। ਬੀਜੇਪ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ, 14 ਸਤੰਬਰ ਤੋਂ ਇਸ ਹਫ਼ਤੇ ਦੀ ਸ਼ੁਰੂਆਤ ਕਰਨਗੇ। ਅਮਿਤ ਸ਼ਾਹ ਏਮਜ਼ ਦੇ ਜਨਰਲ ਵਾਰਡ ਵਿੱਚ ਮਰੀਜ਼ਾਂ ਵਿੱਚ ਫਲ ਵੰਡ ਕੇ ਤੇ ਸਵੱਛਤਾ ਮੁਹਿੰਮ ਵਿੱਚ ਸ਼ਾਮਲ ਹੋ ਕੇ ਸੇਵਾ ਹਫ਼ਤੇ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਆਗੂ ਮੌਜੂਦ ਰਹਿਣਗੇ। ਇਹ ਜਾਣਕਾਰੀ ਬੀਜੇਪੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।


ਦੱਸ ਦੇਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ 17 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਉਨ੍ਹਾਂ ਦੇ ਜਨਮਦਿਨ ਮੌਕੇ ਬੀਜੇਪੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਵਾਰ ਬੀਜੇਪੀ ਨੇ ਉਨ੍ਹਾਂ ਦਾ ਜਨਮ ਦਿਨ ਸੇਵਾ ਹਫ਼ਤੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਜੋ ਕਿ 4 ਦਿਨਾਂ ਤੱਕ ਚੱਲੇਗਾ। ਸੇਵਾ ਹਫ਼ਤਾ 14 ਸਤੰਬਰ ਤੋਂ 17 ਸਤੰਬਰ ਤੱਕ ਦੇਸ਼ ਭਰ ਵਿੱਚ ਮਨਾਇਆ ਜਾਵੇਗਾ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰੁਣ ਸਿੰਘ ਨੇ ਦੱਸਿਆ ਕਿ ਸੇਵਾ ਹਫ਼ਤੇ ਦੌਰਾਨ ਖੂਨਦਾਨ ਕੈਂਪ, ਫਲਾਂ ਦੀ ਵੰਡ, ਸਫਾਈ ਮੁਹਿੰਮਾਂ ਤੇ ਜਲ ਸੰਭਾਲ ਪ੍ਰੋਗਰਾਮ ਚਲਾਏ ਜਾਣਗੇ। ਇਕ ਵਾਰ ਪਲਾਸਟਿਕ ਦੀ ਵਰਤੋਂ ਹੋਣ ਤੋਂ ਬਾਅਦ ਇਸ ਦੀ ਵਰਤੋਂ ਨੂੰ ਰੋਕਣ ਲਈ ਵੀ ਇੱਕ ਮੁਹਿੰਮ ਚਲਾਈ ਜਾਏਗੀ, ਜਿਸ ਨੂੰ ਪੂਰੇ ਦੇਸ਼ ਵਿੱਚ ਮੌਜੂਦ ਵਰਕਰ ਮਨਾਉਣਗੇ।


ਸਾਰੇ ਬੀਜੇਪੀ ਸੰਸਦ ਮੈਂਬਰ, ਵਿਧਾਇਕ ਤੇ ਲੋਕ ਨੁਮਾਇੰਦੇ, ਕੇਂਦਰੀ ਮੰਤਰੀ ਆਪਣੇ-ਆਪਣੇ ਖੇਤਰਾਂ ਵਿੱਚ ਸੇਵਾ ਵਿਸਤਾਰ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਜੀਵਨ ਪ੍ਰੇਰਣਾਦਾਇਕ ਹੈ। ਇਸ ਲਈ, ਉਨ੍ਹਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦੀ ਥਾਂ-ਥਾਂ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ।