ਨਵੀਂ ਦਿੱਲੀ: ਟਰੱਕ ਡਰਾਈਵਰਾਂ ਨੇ ਜੀਐਸਟੀ ਤੇ ਡੀਜ਼ਲ ਦੇ ਵਧ ਰਹੇ ਰੇਟ ਕਾਰਨ ਹੋ ਰਹੇ ਨੁਕਸਾਨ ਨੂੰ ਲੈ ਕੇ ਦੇਸ਼ ਭਰ 'ਚ ਦੋ ਦਿਨਾਂ ਹੜਤਾਲ ਸ਼ੁਰੂ ਕੀਤੀ ਹੋਈ ਹੈ। ਅੱਜ ਦੂਜੇ ਦਿਨ ਵੀ ਹੜਤਾਲ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਟਰੱਕ ਡਰਾਈਵਰਾਂ ਦੀ ਜਥੇਬੰਦੀ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਦੱਸਿਆ ਕਿ ਜੀਐਸਟੀ, ਡੀਜ਼ਲ ਦੇ ਵੱਧ ਰਹੇ ਰੇਟ ਤੇ ਸੜਕਾਂ 'ਤੇ ਟੋਲ ਤੋਂ ਤੰਗ ਆ ਕੇ ਉਹ ਦੋ ਰੋਜ਼ਾ ਹੜਤਾਲ ਸ਼ੁਰੂ ਕਰ ਰਹੇ ਹਨ।

ਏਆਈਐਮਟੀਸੀ ਦੇ ਚੇਅਰਮੈਨ ਬਾਲ ਮਲਕੀਤ ਸਿੰਘ ਨੇ ਕਿਹਾ, "ਸੋਮਵਾਰ ਤੋਂ ਸ਼ੁਰੂ ਹੋਈ ਹੜਤਾਲ ਨਾਲ ਦੇਸ਼ ਭਰ 'ਚ ਸਪਲਾਈ 'ਤੇ ਅਸਰ ਹੋਇਆ ਹੈ। ਫਿਲਹਾਲ ਅਸੀਂ ਜ਼ਰੂਰੀ ਚੀਜ਼ਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਹੈ। ਸਾਡਾ ਮੰਨਣਾ ਹੈ ਕਿ ਇਸ ਨਾਲ ਕਰੀਬ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਦੀਵਾਲੀ ਤੋਂ ਬਾਅਦ ਸੰਘਰਸ਼ ਤੇਜ਼ ਕਰ ਦਿਆਂਗੇ।"

ਮਲਕੀਤ ਸਿੰਘ ਨੇ ਕਿਹਾ, "ਏਆਈਐਮਟੀਸੀ ਦੇ ਸੱਦੇ 'ਤੇ ਹੋ ਰਹੀ ਇਸ ਹੜਤਾਲ ਨੂੰ ਸਾਰਿਆਂ ਨੇ ਹੌਸਲਾ ਦਿੱਤਾ ਹੈ। ਇਹ ਹੜਤਾਲ ਪਹਿਲੇ ਦਿਨ ਸਫਲ ਰਹੀ ਹੈ। ਦੇਸ਼ ਭਰ 'ਚ ਕਰੀਬ 70 ਤੋਂ 80 ਫੀਸਦੀ ਕਾਰੋਬਾਰ ਬੰਦ ਰਿਹਾ। ਅਸੀਂ ਦੂਜੇ ਦਿਨ ਵੀ ਅਜਿਹੀ ਹੀ ਉਮੀਦ ਰੱਖਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਟਰਾਂਸਪੋਰਟ ਸੈਕਟਰ ਦੀ ਗੰਭੀਰ ਪ੍ਰੇਸ਼ਾਨੀਆਂ ਪ੍ਰਤੀ ਸਰਕਾਰ ਦਾ ਕੁਝ ਨਾ ਕਰਨਾ ਹੈਰਾਨੀ ਵਾਲਾ ਹੈ। ਇਸ ਕਾਰਨ ਦੀਵਾਲੀ ਤੋਂ ਬਾਅਦ ਟਰੱਕ ਡਰਾਈਵਰ ਹੜਤਾਲ 'ਤੇ ਜਾ ਸਕਦੇ ਹਨ।"

ਇੰਡੀਅਨ ਫਾਉਂਡੇਸ਼ਨ ਆਫ ਟਰਾਂਸਪੋਰਟ ਰਿਸਰਚ ਐਂਡ ਟ੍ਰੇਨਿੰਗ ਨੇ ਟਰੱਕ ਡਰਾਈਵਰਾਂ ਦੀ ਇਸ ਹੜਤਾਲ ਨੂੰ ਫਲਾਪ ਦੱਸਿਆ। ਉਨ੍ਹਾਂ ਕਿਹਾ ਕਿ ਰਾਜਧਾਨੀ ਖੇਤਰ ਤੇ ਦੂਜੇ ਸ਼ਹਿਰਾਂ 'ਚ ਸਪਲਾਈ ਠੀਕ ਸੀ। ਅਸੀਂ ਕੱਚਾ ਮਾਲ ਲੈ ਕੇ ਆ ਰਹੇ ਹਾਂ ਤੇ ਤਿਆਰ ਮਾਲ ਵੀ ਸਪਲਾਈ ਕੀਤਾ ਜਾ ਰਿਹਾ ਹੈ। ਮਲਕੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਡੀਜ਼ਲ 'ਤੇ ਟੈਕਸ ਠੀਕ ਕਰੇ ਤੇ ਕੀਮਤਾਂ ਨੂੰ ਕੌਮਾਂਤਰੀ ਬਜ਼ਾਰ ਮੁਕਾਬਲੇ ਘੱਟ ਕਰੇ। ਡੀਜ਼ਲ ਨੂੰ ਵੀ ਜੀਐਸਟੀ 'ਚ ਲਿਆਉਣਾ ਚਾਹੀਦਾ ਹੈ ਤੇ ਤਿੰਨ ਮਹੀਨਿਆਂ ਬਾਅਦ ਇਸ ਦੇ ਰੇਟ 'ਤੇ ਗੱਲ ਹੋਣੀ ਚਾਹੀਦੀ ਹੈ।