ਨਵੀਂ ਦਿੱਲੀ: ਟਵਿੱਟਰ ਇੰਡੀਆ (Twitter India) ਦੀ ਪਬਲਿਕ ਪੌਲਸੀ ਹੈੱਡ ਮਹਿਮਾ ਕੌਲ (Mahima Kaul resigns) ਨੇ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਇਹ ਅਸਤੀਫਾ ਨਿੱਜੀ ਕਾਰਨਾਂ ਕਰਕੇ ਦਿੱਤਾ ਹੈ। ਕੌਲ ਨੇ 2015 ਵਿੱਚ ਇਸ ਅਹੁਦੇ ਲਈ ਜੁਵਾਇਨ ਕੀਤਾ ਸੀ। ਕੌਲ ਦੇ ਅਸਤੀਫ਼ੇ ਦੀ ਖ਼ਬਰ ਅਜਿਹੇ ਸਮੇਂ ਆਈ ਜਦੋਂ ਟਵਿੱਟਰ ਨੇ ਸਰਕਾਰ ਦੇ ਕਹਿਣ ਦੇ ਬਾਵਜੂਦ 'ਕਿਸਾਨ ਅੰਦੋਲਨ' ਨਾਲ ਜੁੜੇ ਕੁਝ ਟਵੀਟਸ ਨੂੰ ਨਹੀਂ ਹਟਾਇਆ।


Meity (ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ) ਨੇ ਵੀ ਟਵਿੱਟਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇੰਡੀਆ ਟੂਡੇ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਅਸਤੀਫ਼ੇ ਨਾਲ ਇਸ ਮਸਲੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਉਹ ਕੁਝ ਸਮੇਂ ਲਈ ਟਵਿੱਟਰ ਦੀ ਜਨਤਕ ਨੀਤੀ ਨਿਰਦੇਸ਼ਕ ਬਣੀ ਰਹੇਗੀ।

ਟਵਿੱਟਰ ਨੇ ਇਸ ਅਹੁਦੇ ਲਈ ਨੌਕਰੀ ਦਾ ਇਸ਼ਤਿਹਾਰ ਵੀ ਟਵਿੱਟਰ ਵੈਬਸਾਈਟ ਤੇ ਸੂਚੀਬੱਧ ਕੀਤਾ ਹੈ ਤੇ ਜਨਤਕ ਕਰ ਦਿੱਤਾ ਹੈ। ਕੁਝ ਸਾਲ ਪਹਿਲਾਂ ਮਹਿਮਾ ਦਾ ਇੱਕ ਟਵੀਟ ਵਾਇਰਲ ਹੋਇਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ, " ਨਰਿੰਦਰ ਮੋਦੀ ਦੀ ਰਾਜਨੀਤਕ ਲਾਲਸਾ ਦੇ ਸਾਹਮਣੇ ਬੰਬ ਧਮਾਕੇ, ਭੁਚਾਲ ਤੇ ਮੌਤ ਵਰਗੀਆਂ ਗੱਲਾਂ ਦੂਜੇ ਨੰਬਰ ਉੱਤੇ ਆਉਂਦੀਆਂ ਹਨ।" ਉਨ੍ਹਾਂ ਰਾਜਨੀਤਕ ਪੱਖਪਾਤ ਦੇ ਦੋਸ਼ ਲੱਗਣ ਤੋਂ ਬਾਅਦ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ।