ਨਵੀਂ ਦਿੱਲੀ: ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ’ਚ ਭਾਜਪਾ-ਜੇਡੀਯੂ ਦੀ ਸਰਕਾਰ ਬਣਨ ਜਾ ਰਹੀ ਹੈ। ਉਹ 7ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਂਝ ਹਾਲੇ ਸਰਕਾਰ ’ਚ ਸ਼ਾਮਲ ਹੋਣ ਵਾਲੇ ਚਿਹਰਿਆਂ ਨੂੰ ਲੈ ਕੇ ਥੋੜ੍ਹਾ ਭੇਤ ਬਣਿਆ ਹੋਇਆ ਹੈ।


ਜੇਡੀਯੂ ਦੀ ਵੱਡੀ ਭਾਈਵਾਲ ਪਾਰਟੀ ਭਾਜਪਾ ਤੇ ਛੋਟੀਆਂ ਪਾਰਟੀਆਂ ਜਿਵੇਂ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦੀ ‘ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ)’ ਤੇ ਬਾਲੀਵੁੰਡ ਦੇ ਸੈੱਟ ਡਿਜ਼ਾਈਨਰ ਮੁਕੇਸ਼ ਸਾਹਨੀ ਦੀ ‘ਵਿਕਾਸਸ਼ੀਲ ਇਨਸਾਨ ਪਾਰਟੀ’ ਤੋਂ ਕਈ ਨਾਮ ਸਾਹਮਣੇ ਆ ਰਹੇ ਹਨ। ਅਜਿਹੀਆਂ ਕਿਆਸਅਰਾਈਆਂ ਹਨ ਕਿ ਭਾਜਪਾ ਤੇ ਜਨਤਾ ਦਲ-ਯੂਨਾਈਟਿਡ ਦੇ ਨਵੇਂ ਚੁਣੇ 14 ਵਿਧਾਇਕਾਂ ਨਾਲ ‘ਹਮ (ਸੈਕੂਲਰ)’ ਤੇ ਵੀਆਈਪੀ ਦੇ ਇੱਕ-ਇੱਕ ਵਿਧਾਇਕ ਸਹੁੰ ਚੁੱਕ ਸਕਦੇ ਹਨ। ਮੰਤਰਾਲੇ ’ਚ ਕੁਝ ਨਵੇਂ ਚਿਹਰਿਆਂ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।

243 ਮੈਂਬਰੀ ਵਿਧਾਨ ਸਭਾ ’ਚ ਐੱਨਡੀਏ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਭਾਜਪਾ ਦੇ ਕੋਟੇ ’ਚੋਂ ਦੋ ਉੱਪ ਮੁੱਖ ਮੰਤਰੀ ਦੇ ਨਾਲ ਹੀ ਸਪੀਕਰ ਵੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੀਆਈਪੀ ਜਿਹੀਆਂ ਪਾਰਟੀਆਂ ਨੂੰ ਸੁਰੱਖਿਅਤ ਰੱਖਣਾ ਵੀ ਐਨਡੀਏ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਮੁੱਖ ਵਿਰੋਧੀ ਮਹਾਂਗੱਠਜੋੜ ਵਿੱਚ ਸ਼ਾਮਲ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਉਸ ਨੂੰ ਕਦੇ ਵੀ ਤੋੜਨ ਦਾ ਜਤਨ ਕਰ ਸਕਦੀਆਂ ਹਨ।

ਸਪੀਕਰ ਦੇ ਅਹੁਦੇ ਲਈ ਸਾਬਕਾ ਮੰਤਰੀ ਨੰਦਕਿਸ਼ੋਰ ਯਾਦਵ ਤੇ ਡਿਪਟੀ ਸਪੀਕਰ ਅਮਰੇਂਦਰ ਪ੍ਰਤਾਪ ਸਿੰਘ ਦਾ ਨਾਂ ਭਾਜਪਾ ਦੇ ਕੋਟੇ ’ਚੋਂ ਸਪੀਕਰ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਨੀਤੀਸ਼ ਕੁਮਾਰ ਲਈ ਐਤਕੀਂ 7ਵੀਂ ਵਾਰ ਮੁੱਖ ਮੰਤਰੀ ਵਜੋਂ ਕੈਬਿਨੇਟ ਚਲਾਉਣਾ ਇੰਨਾ ਆਸਾਨ ਨਹੀਂ ਹੋਵੇਗਾ।