ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਇਸ ਵਰ੍ਹੇ ਕਈ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਹੁਣ ਲੋਕਾਂ ਦੀਆਂ ਜ਼ਿੰਦਗੀਆਂ ਹੌਲੀ-ਹੌਲੀ ਦੁਬਾਰਾ ਲੀਹ ਉੱਤੇ ਜਾ ਰਹੀਆਂ ਹਨ। ਲੋਕ ਹੁਣ ਦੁਬਾਰਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ। ਜੇ ਤੁਹਾਨੂੰ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਦੀ ਲੋੜ ਪੈ ਰਹੀ ਹੈ, ਤਾਂ ਸਰਕਾਰ ਨੇ ਤੁਹਾਡੇ ਲਈ ਇੱਕ ਯੋਜਨਾ ਉਲੀਕੀ ਹੈ, ਜਿਸ ਅਧੀਨ ਤੁਸੀਂ ਹੁਣ 10 ਲੱਖ ਰੁਪਏ ਤੱਕ ਦਾ ਲੋਨ ਆਸਾਨੀ ਨਾਲ ਲੈ ਸਕਦੇ ਹੋ।
ਸਰਕਾਰ ਨੇ ‘ਆਤਮਨਿਰਭਰ ਭਾਰਤ ਅਭਿਆਨ ਯੋਜਨਾ’ ਅਧੀਨ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ਅਧੀਨ ਤੁਸੀਂ 10 ਲੱਖ ਰੁਪਏ ਤੱਕ ਦਾ ਕਰਜ਼ਾ ਬਹੁਤ ਆਸਾਨੀ ਨਾਲ ਲੈ ਸਕਦੇ ਹੋ। ਮੋਦੀ ਸਰਕਾਰ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਧਿਆਨ ’ਚ ਰੱਖ ਕੇ ਇਹ ਯੋਜਨਾ ਉਲੀਕੀ ਹੈ।
ਜੇ ਤੁਸੀਂ ਕੋਈ ਕਾਰਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਬੈਂਕ ਤੋਂ ਕਰਜ਼ਾ ਨਹੀਂ ਮਿਲ ਰਿਹਾ, ਤਾਂ ਤੁਸੀਂ ਸਰਕਾਰ ਦੀ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਦਾ ਲਾਹਾ ਲੈ ਸਕਦੇ ਹੋ। ਕੁਝ ਸ਼ਰਤਾਂ ਪੂਰੀਆਂ ਕਰ ਕੇ ਕਰਜ਼ਾ ਆਸਾਨੀ ਨਾਲ ਮਿਲ ਜਾਵੇਗਾ।
ਇਸ ਯੋਜਨਾ ਦਾ ਲਾਹਾ ਲੈਣ ਤੁਹਾਨੂੰ ਪਹਿਲਾਂ mudra.org.in ਤੋਂ ਲੋਨ ਦਾ ਫ਼ਾਰਮ ਡਾਊਨਲੋਡ ਕਰਨਾ ਪਵੇਗਾ। ਉਸ ਨੂੰ ਭਰ ਕੇ ਤੁਸੀਂ ਆਪਣੇ ਬੈਂਕ ਮੈਨੇਜਰ ਕੋਲ ਜਾ ਸਕਦੇ ਹੋ। ਵੈਰੀਫ਼ਿਕੇਸ਼ਨ ਤੋਂ ਬਾਅਦ ਬੈਂਕ ਤੁਹਾਨੂੰ ਮੁਦਰਾ ਕ੍ਰੈਡਿਟ ਕਾਰਡ ਦੇਵੇਗਾ। ਤੁਹਾਡੇ ਕ੍ਰੈਡਿਟ ਕਾਰਡ ਵਿੱਚ ਲੋਨ ਦੀ ਰਕਮ ਦੇ ਦਿੱਤੀ ਜਾਵੇਗੀ।