ਨਵੀਂ ਦਿੱਲੀ: ਬਿਹਾਰ ਚੋਣਾਂ ’ਚ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ-ਕਲੇਸ਼ ਇੱਕ ਵਾਰ ਫਿਰ ਸਾਹਮਣੇ ਆਉਣ ਲੱਗਾ ਹੈ। ਪਾਰਟੀ ਦੀਆਂ ਨੀਤੀਆਂ ਉੱਤੇ ਸੁਆਲ ਕਰਦਿਆਂ ਸੀਨੀਅਰ ਲੀਡਰ ਕਪਿਲ ਸਿੱਬਲ ਨੇ ਹੁਣ ਕਾਂਗਰਸ ਦੀ ਲੀਡਰਸ਼ਿਪ ਉੱਤੇ ਸੁਆਲ ਕੀਤੇ ਹਨ। ਉਨ੍ਹਾਂ ਇੱਕ ਅੰਗਰੇਜ਼ੀ ਅਖ਼ਬਾਰ ‘ਦ ਇੰਡੀਅਨ ਐਕਸਪ੍ਰੈੱਸ’ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਹੈ ਕਿ ਤਾਜ਼ਾ ਚੋਣਾਂ ’ਚ ਹਾਰ ਤੋਂ ਬਾਅਦ ਪਾਰਟੀ ਲੀਡਰਸ਼ਿਪ ਦੇ ਵਿਚਾਰ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ। ਸ਼ਾਇਦ ਉਨ੍ਹਾਂ ਨੂੰ ਸਭ ਕੁਝ ਠੀਕ ਲੱਗ ਰਿਹਾ ਹੈ ਤੇ ਇਸ ਹਾਰ ਨੂੰ ਵੀ ਆਮ ਘਟਨਾ ਹੀ ਮੰਨਿਆ ਜਾ ਰਿਹਾ ਹੈ।
ਕਪਿਲ ਸਿੱਬਲ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਦੇ ਵਧੇਰੇ ਨੇੜੇ ਰਹਿਣ ਵਾਲਿਆਂ ਦੀ ਆਵਾਜ਼ ਉਨ੍ਹਾਂ ਤੱਕ ਪੁੱਜਦੀ ਹੈ ਤੇ ਉਨ੍ਹਾਂ ਨੂੰ ਸਿਰਫ਼ ਇੰਨਾ ਕੁ ਹੀ ਪਤਾ ਹੁੰਦਾ ਹੈ। ਕਪਿਲ ਸਿੱਬਲ ਤੋਂ ਪਹਿਲਾਂ ਬਿਹਾਰ ਕਾਂਗਰਸ ਦੇ ਵੱਡੇ ਆਗੂ ਤਾਰਿਕ ਅਨਵਰ ਵੀ ਪਾਰਟੀ ਅੰਦਰ ਡੂੰਘਾ ਵਿਚਾਰ-ਵਟਾਂਦਰਾ ਕਰਨ ਦੀ ਗੱਲ ਆਖ ਚੁੱਕੇ ਹਨ। ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤਾਰਿਕ ਅਨਵਰ ਨੇ ਕਿਹਾ ਕਿ ਪਾਰਟੀ ਅੰਦਰ ਮੰਥਨ ਹੋਣਾ ਚਾਹੀਦਾ ਹੈ। ਉੱਧਰ ਮਹਾਂਗੱਠਜੋੜ ਵਿੱਚ ਮੌਜੂਦ ਰਾਸ਼ਟਰੀ ਜਨਤਾ ਦਲ ਤੇ ਖੱਬੀਆਂ ਪਾਰਟੀਆਂ ਵੀ ਕਾਂਗਰਸ ਉੱਤੇ ਲਗਾਤਾਰ ਨਿਸ਼ਾਨਾ ਵਿੰਨ੍ਹ ਰਹੀਆਂ ਹਨ।
ਕਪਿਲ ਸਿੱਬਲ ਨੇ ਤਾਰਿਕ ਅਨਵਰ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਹਿਯੋਗਾ ਨੇ ਕਾਂਗਰਸ ਅੰਦਰ ਮੰਥਨ ਦੀ ਆਸ ਪ੍ਰਗਟਾਈ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਪਿਛਲੇ ਛੇ ਸਾਲਾਂ ’ਚ ਕਾਂਗਰਸ ਨੇ ਕਦੇ ਆਤਮ ਮੰਥਨ ਨਹੀਂ ਕੀਤਾ, ਤਾਂ ਹੁਣ ਇਸ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਸਾਨੂੰ ਕਾਂਗਰਸ ਦੀਆਂ ਕਮਜ਼ੋਰੀਆਂ ਪਤਾ ਹਨ। ਸਾਨੂੰ ਪਤਾ ਹੈ ਕਿ ਕਿਹੜੀਆਂ ਜੱਥਬੰਦਕ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਗ੍ਰਾਫ਼ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ, ਜੋ ਬੇਹੱਦ ਚਿੰਤਾਜਨਕ ਹੈ।