Bambiha Gang: ਦਵਿੰਦਰ ਬੰਬੀਹਾ ਗਰੁੱਪ ਦੇ ਦੋ ਮੈਂਬਰਾਂ ਨੂੰ ਦਿੱਲੀ ਪੁਲਿਸ ਨੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗਗਨਦੀਪ ਸਿੰਘ(25) ਤੇ ਬਲਜੀਤ ਸਿੰਘ(22) ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 4 ਗੋਲ਼ੀਆਂ ਤੇ 32 ਬੋਰ ਦੀਆਂ ਪੰਜ ਸੈਮੀ ਆਟੋਮੈਟਿਕ ਪਿਸਤੌਲ ਬਰਾਮਦ ਹੋਈਆਂ ਹਨ।


ਕਿੱਥੋਂ ਖ਼ਰੀਦੇ ਸੀ ਹਥਿਆਰ ?


ਕੈਨੇਡਾ ਬੈਠੇ ਅਰਸ਼ਦੀਪ ਡੱਲਾ ਤੇ ਬੰਬੀਹਾ ਗਰੁੱਪ ਦੇ ਕਹਿਣਾ ਤੇ ਇਨ੍ਹਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਖ਼ਰੀਦੇ ਸੀ। ਜ਼ਿਕਰ ਕਰ ਦਈਏ ਕਿ ਬੰਬੀਹਾ ਗਰੁੱਪ ਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਲੰਬੇ ਸਮੇਂ ਤੋਂ ਲਾਗ-ਡਾਟ ਹੈ ਤੇ ਇਸ ਕਾਰਨ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਗੈਂਗਵਾਰ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।


ਪੁਲਿਸ ਨੇ ਵਿਛਾਇਆ ਸੀ ਜਾਲ਼


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਬੰਬੀਹਾ ਗਰੁੱਪ ਦੇ ਮੈਂਬਰ ਗਗਨਦੀਪ ਨੇ ਖਰਗੋਨ ਤੋਂ ਪਿਸਤੌਲਾਂ ਦੀ ਇੱਕ ਖੇਪ ਖ਼ਰੀਦੀ ਹੈ ਤੇ ਉਹ ਦਿੱਲੀ ਦੇ ਰਾਹ ਤੋਂ ਪੰਜਾਬ ਜਾ ਰਹੇ ਹਨ। ਉਹ ਸਵੇਰੇ 10.30  ਤੋਂ 11.30 ਵਜੇ ਤੱਕ ਦਵਾਰਕਾ ਦੇ ਪਾਲਮ ਬੱਸ ਸਟੈਂਡ ਨੇੜੇ ਮਿਲਣ ਵਾਲੇ ਹਨ। ਇਸ  ਬਾਬਤ ਡੀਸੀਪੀ ਨੇ ਕਿਹਾ, ਖੂਫੀਆ ਜਾਣਕਾਰੀ ਦੇ ਆਧਾਰ ਉੱਤੇ  ਬੱਸ ਸਟੈਂਡ ਦੇ ਨੇੜੇ ਜਾਲ਼ ਵਿਛਾਇਆ ਗਿਆ ਸੀ ਜਿਸ ਤੋਂ ਬਾਅਦ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਇੱਕ ਟੁਕੜੀ ਪੰਜਾਬ ਨੂੰ ਰਵਾਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਬਲਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।


ਜੇਲ੍ਹ ਬਰੇਕ ਕਾਂਡ ਨਾਲ ਕੀ ਹੈ ਸਬੰਧ ?


ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਗਗਨਦੀਪ ਵਿੱਕੀ ਗੌਂਡਰ ਦੇ ਨਾਂ ਨਾਲ ਇਕ ਵਟਸਐਪ ਗਰੁੱਪ ਨਾਲ ਜੁੜਿਆ ਹੋਇਆ ਸੀ। ਗੌਂਡਰ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਤਤਕਾਲੀ ਮੁਖੀ ਹਰਮਿੰਦਰ ਸਿੰਘ ਨਾਲ ਮਿਲ ਕੇ 2016 ਵਿੱਚ  ਨਾਭਾ ਜੇਲ੍ਹ ਬ੍ਰੇਕ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਅੰਜਾਮ ਦਿੱਤਾ ਸੀ। ਉਸ ਦੇ ਸਾਥੀਆਂ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਹਥਿਆਰ ਲੁੱਟ ਲਏ ਅਤੇ ਗੌਂਡਰ, ਕੇਐਲਐਫ ਦੇ ਕਾਰਕੁਨਾਂ ਹਰਵਿੰਦਰ ਅਤੇ ਕਸ਼ਮੀਰਾ ਸਿੰਘ ਸਮੇਤ ਉਨ੍ਹਾਂ ਦੇ ਛੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਛੁਡਵਾ ਕੇ ਫਰਾਰ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।