ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਹੁਕਮਾਂ ਨੂੰ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਆਖ਼ਰ ਸਰਬੀਮਾਲਾ ਮੰਦਰ ਵਿੱਚ ਦਾਖ਼ਲ ਹੋਣ ਵਿੱਚ ਔਰਤਾਂ ਸਫ਼ਲ ਹੋ ਹੀ ਗਈਆਂ। ਬੁੱਧਵਾਰ ਸਵੇਰੇ 3:45 ਵਜੇ 50 ਸਾਲ ਤੋਂ ਘੱਟ ਉਮਰ ਦੀਆਂ ਦੋ ਮਹਿਲਾਵਾਂ ਬਿੰਦੂ ਤੇ ਕਣਕਦੁਰਗਾ ਮੰਦਰ ਅੰਦਰ ਦਾਖ਼ਲ ਹੋਈਆਂ ਅਤੇ ਭਗਵਾਨ ਅਯੱਪਾ ਦੀ ਪੂਜਾ ਕੀਤੀ। ਹਾਲਾਂਕਿ ਇਸ ਤੋਂ ਬਾਅਦ ਮੰਦਰ ਦੇ ਕਿਵਾੜ ਦੋ ਦਿਨ ਲਈ ਬੰਦ ਕਰਨ ਅਤੇ ਮੰਦਰ ਦਾ ਸ਼ੁੱਧੀਕਰਨ ਕੀਤੇ ਜਾਣ ਦੀ ਵੀ ਖ਼ਬਰ ਹੈ। ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜੈਅਨ ਨੇ ਮਹਿਲਾ ਸ਼ਰਧਾਲੂਆਂ ਨੂੰ ਪੂਰੀ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਵੱਲੋਂ ਸਬਰੀਮਾਲਾ ਮੰਦਰ ਚ ਹਰ ਉਮਰ ਦੀਆਂ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਮਿਲਣ ਤੋਂ ਬਾਅਦ ਲਗਪਗ ਤਿੰਨ ਮਹੀਨੇ ਬਾਅਦ ਪਹਿਲੀ ਵਾਰ ਦੋ ਮਹਿਲਾਵਾਂ ਨੇ ਸਬਰੀਮਾਲਾ ਮੰਦਰ ਚ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ। ਬਿੰਦੂ ਤੇ ਕਣਕਦੁਰਗਾ ਦੀ ਉਮਰ 40 ਤੋਂ 50 ਸਾਲ ਦਰਮਿਆਨ ਹੈ। ਦੋਵੇਂ ਕੇਰਲਾ ਦੀਆਂ ਹੀ ਰਹਿਣ ਵਾਲੀਆਂ ਹਨ। ਦੋਵੇਂ ਮਹਿਲਾ ਸ਼ਰਧਾਲੂ ਪੁਲਿਸ ਕਰਮੀਆਂ ਨਾਲ ਮੰਦਰ 'ਚ ਦਾਖ਼ਲ ਹੋਈਆਂ ਤੇ ਸਵੇਰ ਕਰੀਬ ਪੌਣੇ ਚਾਰ ਵਜੇ ਪੂਜਾ ਕੀਤੀ। ਇਨ੍ਹਾਂ ਦੋਵਾਂ ਮਹਿਲਾਵਾਂ ਨੇ ਪਿਛਲੇ ਮਹੀਨੇ ਵੀ ਮੰਦਰ ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਰ ਸਫ਼ਲ ਨਹੀਂ ਸੀ ਹੋਈਆਂ। ਹੁਣ ਇਨ੍ਹਾਂ ਮਹਿਲਾਵਾਂ ਦੇ ਮੰਦਰ 'ਚ ਦਾਖ਼ਲ ਹੋਣ ਦੇ ਮੋਬਾਈਲ 'ਤੇ ਬਣਾਈ ਗਈ ਵੀਡੀਓ ਵੀ ਸਾਹਮਣੇ ਆਈ ਹੈ।