ਨਵੀਂ ਦਿੱਲੀ: ਪੰਜਾਬ ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਾਅਵੇ ਨੂੰ ਗ਼ਲਤ ਸਾਬਤ ਕਰਨ ਲਈ ਸਬੂਤਾਂ ਸਮੇਤ ਹਮਲਾ ਬੋਲਿਆ ਹੈ। ਇਸ 'ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਤੇ ਸੰਤੋਖ ਸਿੰਘ ਚੌਧਰੀ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਸੂਚੀ ਲੈ ਕੇ ਸੰਸਦ ਪਹੁੰਚੇ, ਜਿਨ੍ਹਾਂ ਦਾ ਕਰਜ਼ਾ ਪੰਜਾਬ ਸਰਕਾਰ ਨੇ ਮੁਆਫ਼ ਕੀਤਾ ਹੈ।

ਦੋਵੇਂ ਲੀਡਰਾਂ ਨੇ ਹੋਰਡਿੰਗ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਦਾ ਝੂਠ ਹੋਇਆ ਬੇਨਕਾਬ: ਪੰਜਾਬ ਵਿੱਚ ਕਾਂਗਰਸ ਨੇ 4,17,387 ਕਿਸਾਨਾਂ ਦੇ 3,445 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ।

ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 27 ਦਸੰਬਰ, 2018 ਨੂੰ ਹਿਮਾਚਲ 'ਚ ਝੂਠ ਬੋਲਿਆ ਸੀ। ਉਨ੍ਹਾਂ ਕਿਹਾ ਸੀ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਕਰਜ਼ਾ ਮੁਆਫ਼ ਨਹੀਂ ਕੀਤਾ, ਪਰ ਅੱਜ ਮੈਂ ਇਹ ਲਿਸਟ ਲੈ ਕੇ ਪਹੁੰਚਿਆਂ ਹਾਂ ਤਾਂ ਕਿ ਪ੍ਰਧਾਨ ਮੰਤਰੀ ਨੂੰ ਪਤਾ ਲੱਗ ਸਕੇ।

ਮੋਦੀ ਭਲਕੇ ਯਾਨੀ ਤਿੰਨ ਜਨਵਰੀ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰ ਵਿੱਚ ਰੈਲੀ ਕਰਨ ਜਾ ਰਹੇ ਹਨ ਤੇ ਉਸ ਤੋਂ ਇੱਕ ਦਿਨ ਪਹਿਲਾਂ ਜਾਖੜ ਨੇ ਸੰਸਦ ਵਿੱਚ ਜਾ ਕੇ ਉਨ੍ਹਾਂ 'ਤੇ ਵੱਡਾ ਹਮਲਾ ਕੀਤਾ ਹੈ।