ਭੁਪਾਲ: ਮੱਧ ਪ੍ਰਦੇਸ਼ ਵਿੱਚ ਸਰਕਾਰ ਬਦਲ ਗਈ ਹੈ ਪਰ ਅਫ਼ਸਰਸ਼ਾਹੀ ਦਾ ਰਵੱਈਆ ਨਹੀਂ ਬਦਲਿਆ। ਕਿਸਾਨ ਦੀ ਪ੍ਰੇਸ਼ਾਨੀ ਦੀ ਨਵੀਂ ਉਦਾਹਰਣ ਸਾਹਮਣੇ ਆਈ ਹੈ। ਘਟਨਾ ਸ਼ਿਵਪੁਰੀ ਕਲੈਕਟਰ ਦਫ਼ਤਰ ਦੀ ਹੈ, ਜਿੱਥੇ ਇੱਕ ਕਿਸਾਨ ਜ਼ਿਲ੍ਹਾ ਕਲੈਕਟਰ ਦੇ ਪੈਰੀਂ ਡਿੱਗ ਕੇ ਰੋਣ ਲੱਗਾ।


ਦਰਅਸਲ, ਜ਼ਿਲ੍ਹੇ ਦੇ ਪਿੰਡ ਰੰਨੌਦ ਦੇ ਰਹਿਣ ਵਾਲੇ ਅਜੀਤ ਜਾਟਵ ਆਪਣੇ ਖੇਤਾਂ ਲਈ ਬਿਜਲੀ ਕੁਨੈਕਸ਼ਨ ਲਵਾਉਣ ਦੀ ਮੰਗ ਕਰ ਰਿਹਾ ਸੀ। ਇਸੇ ਲਈ ਉਹ ਡੀਸੀ ਦਫ਼ਤਰ ਪਹੁੰਚਿਆ ਸੀ। ਉਹ ਡੀਸੀ ਕੋਲ ਬਿਜਲੀ ਵਿਭਾਗ ਦੇ ਮਨਮਰਜ਼ੀ ਵਿਰੁੱਧ ਫਰਿਆਦ ਲੈ ਕੇ ਆਇਆ ਸੀ ਤੇ ਅਧਿਕਾਰੀ ਤੋਂ ਨਿਆਂ ਦੀ ਮੰਗ ਕਰ ਰਿਹਾ ਸੀ।

ਜਿੱਥੇ ਕਿਸਾਨ ਮਿੰਨਤਾਂ ਕਰ ਰਿਹਾ ਸੀ ਤਾਂ ਕਲੈਕਟਰ ਸਾਹਿਬਾ ਉਸ ਦੀ ਗੱਲ ਨਾ ਸੁਣ ਕੇ ਸਿੱਧਾ ਆਪਣੀ ਕਾਰ ਵਿੱਚ ਬੈਠ ਗਈ। ਪਰ ਜਦ ਡੀਐਮ ਦਾ ਧਿਆਨ ਕੈਮਰੇ ਵੱਲ ਗਿਆ ਤਾਂ ਉਨ੍ਹਾਂ ਕਿਸਾਨ ਨਾਲ ਗੱਲ ਕੀਤੀ ਤੇ ਕਾਰਵਾਈ ਦਾ ਭਰੋਸਾ ਦਿੱਤਾ।

ਪੀੜਤ ਕਿਸਾਨ ਨੇ ਮੀਡੀਆ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਨੇ ਬਿਜਲੀ ਦਾ ਬਿਲ ਭਰਿਆ ਸੀ ਪਰ ਫਿਰ ਵੀ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਹੁਣ ਉਸ ਦੀ ਫ਼ਸਲ ਸੁੱਕ ਰਹੀ ਹੈ ਤੇ ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।