ਅਯੁੱਧਿਆ: ਦੋ ਦਿਨਾਂ ਦੇ ਦੌਰੇ 'ਤੇ ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਪਣੇ ਪਰਿਵਾਰ ਸਮੇਤ ਰਾਮ ਲੱਲਾ ਦੇ ਦਰਸ਼ਨ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਚੈਲੰਜ ਦੇ ਦਿੱਤਾ ਹੈ। ਠਾਕਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਦੀ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਤੇ ਨਿਸ਼ਾਨੇ ਲਾਏ।
ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਸਭ ਰਾਮ-ਰਾਮ ਕਰਦੇ ਹਨ ਤੇ ਬਾਅਦ ਵਿੱਚ ਆਰਾਮ ਕਰਦੇ ਹਨ। ਠਾਕਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਰਕਾਰ ਮੰਦਰ ਨਹੀਂ ਬਣਾਏਗੀ ਤਾਂ ਅੱਗੇ ਸ਼ਾਇਦ ਸਰਕਾਰ ਨਾ ਬਣੇ ਪਰ ਮੰਦਰ ਜ਼ਰੂਰ ਬਣੇਗਾ। ਸ਼ਿਵ ਸੈਨਾ ਮੁਖੀ ਨੇ ਕਿਹਾ ਕਿ ਕੀ ਸਰਕਾਰ ਨੇ ਤਿੰਨ ਤਲਾਕ ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ? ਨੋਟਬੰਦੀ ਤੋਂ ਪਹਿਲਾਂ ਅਦਾਲਤ ਗਏ ਸਨ?
ਇਹ ਵੀ ਪੜ੍ਹੋ: ਰਾਮ ਮੰਦਿਰ ਛੇਤੀ ਉਸਾਰਨ ਲਈ ਸ਼ਿਵ ਸੇਨਾ ਨੇ ਅਯੁੱਧਿਆ 'ਚ ਲਾਏ ਡੇਰੇ
ਊਧਵ ਠਾਕਰੇ ਨੇ ਕਿਹਾ ਕਿ ਆਖ਼ਰ ਅਸੀਂ ਕਦੋਂ ਤਕ ਇੰਤਜ਼ਾਰ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਆਖ਼ਰੀ ਇਜਲਾਸ ਆਉਣ ਵਾਲਾ ਹੈ, ਜਿਸ ਵਿੱਚ ਸਰਕਾਰ ਨੂੰ ਮਜ਼ਬੂਤ ਕਾਨੂੰਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਿੰਦੂਆਂ ਦੀ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਛੇਤੀ ਕਾਨੂੰਨ ਲਿਆ ਕੇ ਮੰਦਰ ਬਣਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਅਯੁੱਧਿਆ ਵਿੱਚ ਧਰਮ ਸਭਾ ਸੱਦੀ ਗਈ ਹੈ। ਇਸ ਸਭਾ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਸ਼ਿਵ ਸੈਨਿਕਾਂ, ਬੀਜੇਪੀ ਤੇ ਹਿੰਦੂਵਾਦੀ ਵਰਕਰ ਸ਼ਿਰਕਤ ਕਰ ਰਹੇ ਹਨ। ਚੋਣਾਂ ਨੇੜੇ ਆਉਂਦਿਆਂ ਵੇਖ ਰਾਮ ਮੰਦਿਰ ਉਸਾਰਨ ਦੀ ਮੰਗ ਫਿਰ ਤੋਂ ਤੂਲ ਫੜ ਗਈ ਹੈ। ਹਾਲਾਂਕਿ, ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਪਰ ਹਿੰਦੂਵਾਦੀ ਸੰਗਠਨਾਂ ਵੱਲੋਂ ਸਰਕਾਰ 'ਤੇ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਲਿਆਉਣ ਦਾ ਦਬਾਅ ਪਾਇਆ ਜਾ ਰਿਹਾ ਹੈ।