ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਜਾਰੀ ਤਾਲਾਬੰਦੀ ਕਾਰਨ ਸਕੂਲੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਖੜੋਤ ਆ ਗਈ ਹੈ। ਹੁਣ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਨੂੰ ਜੁਲਾਈ ਵਿੱਚ ਪ੍ਰੀਖਿਆਵਾਂ ਕਰਵਾਉਣ ਦੀ ਹਦਾਇਤ ਕੀਤੀ ਹੈ।

ਯੂਜੀਸੀ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਆਨਲਾਈਨ ਜਾਂ ਆਫਲਾਈਨ ਤਰੀਕਿਆਂ ਰਾਹੀਂ ਸਮੈਸਟਰ ਪ੍ਰੀਖਿਆਵਾਂ ਲੈ ਸਕਦੀਆਂ ਹਨ। ਪ੍ਰੀਖਿਆ ਦਾ ਸਮਾਂ ਤਿੰਨ ਘੰਟਿਆਂ ਤੋਂ ਘਟਾ ਕੇ ਦੋ ਘੰਟੇ ਕੀਤਾ ਜਾ ਸਕਦਾ ਹੈ। ਕਮਿਸ਼ਨ ਨੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਜੁਲਾਈ ਵਿੱਚ ਲੈਣ 'ਤੇ ਜ਼ੋਰ ਪਾਇਆ ਹੈ। ਇਸ ਤੋਂ ਇਲਾਵਾ ਪੀਐਚਡੀ ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਖੋਜ ਕਾਰਜ ਪੂਰੇ ਕਰਨ ਲਈ ਛੇ ਮਹੀਨੇ ਦਾ ਵਾਧੂ ਸਮਾਂ ਵੀ ਮਿਲ ਗਿਆ ਹੈ।

ਕਮਿਸ਼ਨ ਨੇ ਯੂਨੀਵਰਿਟੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਵਿਦਿਆਰਥੀਆਂ ਦੀ ਸਿਹਤ ਨੂੰ ਵਧੇਰੇ ਤਵੱਜੋ ਦਿੱਤੀ ਜਾਵੇ। ਇਸ ਲਈ ਪਿਛਲੇ ਇਮਤਿਹਾਨਾਂ ਦੇ ਆਧਾਰ 'ਤੇ 50 ਫ਼ੀਸਦ ਅੰਕ ਅਤੇ 50 ਫ਼ੀਸਦ ਅੰਕ ਤਾਜ਼ਾ ਅੰਦਰੂਨੀ ਕਾਰਗੁਜ਼ਾਰੀ (ਇੰਟਰਨਲ ਅਸੈਸਮੈਂਟ) ਦੇ ਆਧਾਰ 'ਤੇ ਦੇਣ ਦੀ ਸਲਾਹ ਵੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਦੀਆਂ ਅਫਵਾਹਾਂ ਦਾ ਖੰਡਨ ਸੀਬੀਐਸਈ ਨੇ ਪਹਿਲਾਂ ਹੀ ਕਰ ਦਿੱਤਾ ਹੈ। ਬੋਰਡ ਨੇ ਬੀਤੇ ਦਿਨੀਂ ਸਾਫ ਕਰ ਦਿੱਤਾ ਸੀ ਕਿ ਉਹ ਇਮਤਿਹਾਨ ਲੈਣ ਲਈ ਤਿਆਰ ਹਨ ਅਤੇ ਮੌਕਾ ਮਿਲਦੇ ਹੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਬੋਰਡ ਨੇ ਅਤਿ ਜ਼ਰੂਰੀ 29 ਪਰਚਿਆਂ ਦੀਆਂ ਪ੍ਰੀਖਿਆਵਾਂ ਹਾਲਾਤ ਸੁਖਾਵੇਂ ਹੁੰਦੇ ਸਾਰ ਕਰਵਾਉਣ ਦੀ ਗੱਲ ਵੀ ਆਖੀ ਸੀ।