Ukraine-Russia War: ਰੂਸ ਤੇ ਯੂਕਰੇਨ ਦਰਮਿਆਨ ਜੰਗ ਦਾ ਅਸਰ ਹੁਣ ਆਮ ਲੋਕਾਂ ’ਤੇ ਵੀ ਪੈਣ ਲੱਗ ਗਿਆ ਹੈ। ਦੋਵਾਂ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ਦੇ ਭਾਅ ਲਗਾਤਾਰ ਵਧਣ ਲੱਗੇ ਹਨ। ਇਸ ਕਾਰਨ ਘਰਾਂ ’ਚ ਰੋਜ਼ਾਨਾ ਵਰਤਿਆ ਜਾਣਾ ਵਾਲਾ ਰਿਫਾਈਂਡ ਤੇਲ ਵੀ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ।



ਹੋਲਸੇਲ ਦੁਕਾਨਦਾਰਾਂ ਮੁਤਾਬਕ ਜਦੋਂ ਤੋਂ ਯੂਕਰੇਨ ਨਾਲ ਯੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ 150 ਤੋਂ ਲੈ ਕੇ 200 ਰੁਪਏ ਪ੍ਰਤੀ ਟੀਨ ਦਾ ਰੇਟ ਵਧ ਗਿਆ ਹੈ। ਮਿੱਲ ਵਾਲਿਆਂ ਨੇ ਭਾਅ ਲਗਾਤਾਰ ਵਧਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਹੋਲਸੇਲ ਭਾਅ ’ਚ ਵੀ ਤੇਜ਼ੀ ਆ ਗਈ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ।

ਸ਼ੂਗਰ ਵਨਸਪਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਯੂਕਰੇਨ ’ਚੋਂ ਸੋਇਆਬੀਨ ਦਾ ਤੇਲ ਆਉਂਦਾ ਹੈ ਤੇ ਸੋਇਆਬੀਨ ਵੀ ਉਥੋਂ ਆਉਂਦੀ ਹੈ। ਉਥੇ ਯੁੱਧ ਕਾਰਨ ਮਾਲ ਨਹੀਂ ਆ ਰਿਹਾ ਤੇ ਮਿੱਲ ਵਾਲਿਆਂ ਨੂੰ ਮਾਲ ਨਾ ਮਿਲਣ ਕਾਰਨ ਉਨ੍ਹਾਂ ਨੇ ਭਾਅ ਵਧਾ ਦਿੱਤੇ ਹਨ ਤੇ ਉਸ ਤੋਂ ਬਾਅਦ ਅੱਗੇ ਦੁਕਾਨਦਾਰਾਂ ਨੇ ਵੀ ਮਜਬੂਰਨ ਭਾਅ ਵਧਾਉਣੇ ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਥੋਕ ਵਪਾਰੀ ਮਿਲ ਤੋਂ ਆਉਣ ਵਾਲੇ ਮਾਲ ਤੋਂ ਬਾਅਦ ਹੀ ਭਾਅ ਤੈਅ ਕਰਦੇ ਹਨ। ਰੂਸ ਤੇ ਯੂਕਰੇਨ ਵਿੱਚ ਜੰਗ ਕਾਰਨ ਮਾਲ ਆ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਜੰਗ ਜਾਰੀ ਰਹੀ ਤਾਂ ਭਾਅ ਹੋਰ ਵੀ ਵਧਣ ਦੇ ਆਸਾਰ ਹਨ, ਜੇਕਰ ਜੰਗ ਖਤਮ ਹੋ ਜਾਂਦੀ ਹੈ ਤਾਂ ਭਾਅ ਘੱਟ ਹੋ ਸਕਦੇ ਹਨ। ਇਸ ਸਮੇਂ ਟੀਨ ਦਾ ਭਾਅ 2450 ਰੁਪਏ ਤੋਂ ਲੈ ਕੇ 2550 ਰੁਪਏ ਤੱਕ ਪੁੱਜ ਗਿਆ ਹੈ, ਜੋ ਪਹਿਲਾਂ 2300 ਰੁਪਏ ਦੇ ਕਰੀਬ ਸੀ।


ਇਹ ਵੀ ਪੜ੍ਹੋ: Ukraine-Russia War: ਯੁਕਰੇਨ ਦੇ ਨਾਲ ਖੜ੍ਹਾ ਅਮਰੀਕਾ, ਰੂਸ ਲਈ ਅਮਰੀਕੀ ਏਅਰਬੇਸ ਬੰਦ , ਬਾਈਡਨ ਨੇ ਕਿਹਾ ਤਾਨਾਸ਼ਾਹ ਨੂੰ ਸਜ਼ਾ ਦੇਣਾ ਜਰੂਰੀ