ਨਵੀਂ ਦਿੱਲੀ : ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਕਰੇਨ ਵਿੱਚ ਅੰਦਾਜ਼ਨ 20,000 ਭਾਰਤੀ ਨਾਗਰਿਕਾਂ ਵਿੱਚੋਂ, 60 ਪ੍ਰਤੀਸ਼ਤ ਨੇ ਸਰਕਾਰ ਵੱਲੋਂ ਪਹਿਲੀ ਐਡਵਾਈਜ਼ਰੀ ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਛੱਡ ਦਿੱਤਾ ਹੈ।



ਰੂਸੀ ਫੌਜੀ ਕਾਰਵਾਈਆਂ ਦੇ ਮੱਦੇਨਜ਼ਰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਸਮੇਤ ਵਿਦਿਆਰਥੀਆਂ ਨੂੰ ਕੱਢਣ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਉਹਨਾਂ ਨੇ ਕਿਹਾ ਕਿ ਭਾਰਤ ਖਾਰਕਿਵ ਅਤੇ ਹੋਰ ਖੇਤਰਾਂ ਜੋ ਕਿ ਇਸ ਸਮੇਂ ਸੰਘਰਸ਼ 'ਚ ਹਨ, ਵਿੱਚ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ ।



“ਜਦੋਂ ਅਸੀਂ ਆਪਣੀ ਪਹਿਲੀ ਐਡਵਾਈਜ਼ਰੀ ਜਾਰੀ ਕੀਤੀ ਸੀ ਤਾਂ ਸਾਡੇ ਕੋਲ ਯੂਕਰੇਨ ਵਿੱਚ ਅੰਦਾਜ਼ਨ 20,000 ਭਾਰਤੀ ਨਾਗਰਿਕ ਸਨ। ਹੁਣ ਤੱਕ ਲਗਭਗ 12,000 ਯੂਕਰੇਨ ਛੱਡ ਚੁੱਕੇ ਹਨ, ਮਤਲਬ ਕਿ 60 ਫੀਸਦੀ ਲੋਕ ਦੇਸ਼ ਛੱਡ ਚੁੱਕੇ ਹਨ। ਬਾਕੀ ਬਚੇ 40 ਫ਼ੀਸਦ ਵਿੱਚੋਂ, ਲਗਭਗ ਅੱਧੇ ਖਾਰਕਿਵ ਵਿੱਚ ਸੰਘਰਸ਼ ਵਾਲੇ ਖੇਤਰ ਵਿੱਚ ਰਹਿੰਦੇ ਹਨ ਅਤੇ ਬਾਕੀ ਅੱਧੇ ਜਾਂ ਤਾਂ ਯੂਕਰੇਨ ਦੀ ਪੱਛਮੀ ਸਰਹੱਦ ਤੱਕ ਪਹੁੰਚ ਗਏ ਹਨ ਜਾਂ ਪੱਛਮੀ ਸਰਹੱਦ ਵੱਲ ਵਧ ਰਹੇ ਹਨ। ਉਹ ਆਮ ਤੌਰ 'ਤੇ ਵਿਵਾਦ ਵਾਲੇ ਖੇਤਰਾਂ ਤੋਂ ਬਾਹਰ ਹੁੰਦੇ ਹਨ, ”ਸਕੱਤਰ ਨੇ ਦੱਸਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਯੂਕਰੇਨ ਦੀ ਸਥਿਤੀ 'ਤੇ ਉੱਚ ਪੱਧਰੀ ਮੀਟਿੰਗ ਹੋਈ।



“ਮੀਟਿੰਗ ਦੀ ਸ਼ੁਰੂਆਤ ਯੂਕਰੇਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਦੁਖਦਾਈ ਮੌਤ ਦੇ ਅਫਸੋਸ ਅਤੇ ਸੋਗ ਦੇ ਪ੍ਰਗਟਾਵੇ ਨਾਲ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਖਾਰਕੀਵ ਅਤੇ ਹੋਰ ਖੇਤਰਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ ਜੋ ਇਸ ਸਮੇਂ ਸੰਘਰਸ਼ ਵਿੱਚ ਹਨ। 



ਵਿਦੇਸ਼ ਸਕੱਤਰ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਬੈਠਕ ਕੀਤੀ ਅਤੇ ਸਾਰੇ ਭਾਰਤੀ ਨਾਗਰਿਕਾਂ ਲਈ ਤੁਰੰਤ ਸੁਰੱਖਿਅਤ ਲਾਂਘੇ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਦੁਹਰਾਇਆ ।


ਇਹ ਵੀ ਪੜ੍ਹੋ: Russia Ukraine War: ਹਥਿਆਰ ਰੱਖਣ ਲਈ 1.5 ਲੱਖ ਡਾਲਰ, ਦੁਸ਼ਮਣ ਦੇ ਖਾਤਮੇ ਲਈ 300 ਡਾਲਰ ਗਿਫ਼ਟ 'ਚ