ਗੁਰਦੁਆਰੇ ਦੀ ਇਮਾਰਤ ਡਿੱਗੀ, ਛੇ ਲੋਕ ਮਲਬੇ ਹੇਠ ਦੱਬੇ
ਏਬੀਪੀ ਸਾਂਝਾ | 18 Nov 2018 02:38 PM (IST)
ਨੌਹਰ: ਹਨੂੰਮਾਨਗੜ੍ਹ ਦੇ ਨੇੜਲੇ ਪਿੰਡ ਚੱਕ ਦੇਈਦਾਸ ਪੁਰਾ ਵਿੱਚ ਉਸਾਰੀ ਅਧੀਨ ਗੁਰਦੁਆਰੇ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਛੇ ਲੋਕਾਂ ਦੇ ਦੱਬੇ ਜਾਣ ਦੀ ਖ਼ਬਰ ਹੈ। ਇਹ ਹਾਦਸਾ ਰਾਤ ਤਕਰੀਬਨ ਪੌਣੇ ਤਿੰਨ ਵਜੇ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ। ਮਲਬੇ ਹੇਠ ਦੱਬਣ ਵਾਲੇ ਲੋਕ ਉਸਾਰੀ ਅਧੀਨ ਇਮਾਰਤ ਵਿੱਚ ਹੀ ਸੌਂ ਰਹੇ ਸਨ। ਮੌਕੇ 'ਤੇ ਪਹੁੰਚੇ ਪਿੰਡ ਵਾਲਿਆਂ ਨੇ ਤਿੰਨ ਵਿਅਕਤੀਆਂ ਨੂੰ ਮਲਬੇ ਹੇਠੋਂ ਕੱਢ ਲਿਆ। ਹਾਲੇ ਵੀ ਤਿੰਨ ਜਣੇ ਮਲਬੇ ਹੇਠ ਦੱਬੇ ਹੋਏ ਹਨ। ਉਸਾਰੀ ਅਧੀਨ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਦੇ ਇੱਕ ਹਿੱਸੇ ਦੇ ਡਿੱਗ ਜਾਣ ਤੋਂ ਬਾਅਦ ਸਥਾਕ ਐਸਡੀਐਮ ਸਈਅਦ ਸਿਰਾਜ ਅਲੀ ਜ਼ੈਦੀ, ਪੁਲਿਸ ਕਮਿਸ਼ਨਰ ਅਤਰ ਸਿੰਘ ਪੂਨੀਆ, ਤਹਿਸੀਲਦਾਰ ਜੈ ਕੌਸ਼ਿਕ ਸਮੇਤ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਸਿਵਲ ਡਿਫੈਂਸ ਦੀ ਟੀਮ ਵੀ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ। ਦੱਬੇ ਹੋਏ ਲੇਕਾਂ ਨੂੰ ਕੱਢਣ ਲਈ ਪੰਜ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ।