ਨਵੀਂ ਦਿੱਲੀ: ਕਈ ਸੂਬਿਆਂ 'ਚ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਦੇਸ਼ 'ਚ ਇੱਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਵਧ ਰਿਹਾ ਹੈ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਅਜਿਹੀ ਸਥਿਤੀ 'ਚ ਸਿਹਤ ਢਾਂਚਾ ਵੀ ਫੇਲ੍ਹ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਕੋਰੋਨਾ ਲਾਗ ਦੇ ਮਾਮਲਿਆਂ 'ਚ ਮੌਜੂਦਾ ਵਾਧਾ ਸਿਹਤ ਸੰਭਾਲ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ।



ਇਸ ਦੇ ਨਾਲ ਇਹ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਹੁਣ 8032 ਐਕਟਿਵ ਮਾਮਲਿਆਂ ਨਾਲ ਦੇਸ਼ ਦੇ ਟਾਪ-10 ਕੋਰੋਨਾ ਸੰਕਰਮਿਤ ਸੂਬਿਆਂ 'ਚ ਸ਼ਾਮਲ ਹੋ ਗਈ ਹੈ। ਇਸ ਸੂਚੀ 'ਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। ਇੱਥੋਂ ਦੇ 8 ਜ਼ਿਲ੍ਹੇ ਕੋਰੋਨਾ ਦੀ ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉੱਥੇ ਹੀ ਕਰਨਾਟਕ ਦੇ ਬੰਗਲੁਰੂ ਸ਼ਹਿਰ 'ਚ ਵੀ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ।



ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ
ਦੂਜੇ ਪਾਸੇ, ਨੀਤੀ ਆਯੋਗ ਦੇ ਮੈਂਬਰ ਸਿਹਤ- ਡਾ. ਵੀ.ਕੇ. ਪੌਲ ਨੇ ਕਿਹਾ, "ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਚਿੰਤਾ ਦਾ ਗੰਭੀਰ ਵਿਸ਼ਾ ਹੈ। ਰੁਝਾਨ ਵਿਖਾਉਂਦੇ ਹਨ ਕਿ ਵਾਇਰਸ ਅਜੇ ਵੀ ਬਹੁਤ ਐਕਵਿਟ ਹੈ ਤੇ ਵਧ ਰਹੇ ਮਾਮਲੇ ਸਾਡੇ ਰੋਕਥਾਮ ਦੇ ਉਪਾਵਾਂ ਨੂੰ ਫੇਲ ਕਰ ਸਕਦੇ ਹਨ। ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਨੂੰ ਕਾਬੂ ਕਰ ਲਿਆ ਹੈ ਤਾਂ ਇਹ ਵਾਪਸ ਆ ਜਾਂਦਾ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੀ ਸਥਿਤੀ 'ਚ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਚੇਤੰਨ ਰਹਿਣਾ ਚਾਹੀਦਾ ਹੈ।" ਇਸ ਦੇ ਨਾਲ ਹੀ ਡਾ. ਵੀ.ਕੇ. ਪੌਲ ਨੇ ਕਿਹਾ ਕਿ ਦੇਸ਼ ਇਕ ਗੰਭੀਰ ਅਤੇ ਖ਼ਤਰਨਾਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਤੇ ਪੂਰਾ ਦੇਸ਼ ਸੰਭਾਵਿਤ ਜ਼ੋਖ਼ਮ 'ਚ ਹੈ।



ਸਾਰੇ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਡਿਸਟ੍ਰਿਕ ਐਕਸ਼ਨ ਪਲਾਨ ਤਿਆਰ ਕਰਨ
ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਭੇਜੀ ਇੱਕ ਚਿੱਠੀ 'ਚ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਜ਼ਿਲ੍ਹਿਆਂ ਨੂੰ ਕਿਹਾ ਹੈ ਕਿ ਭਾਵੇਂ ਉਨ੍ਹਾਂ ਦੇ ਖੇਤਰ 'ਚ ਕੋਰੋਨਾ ਲਾਗ ਦੇ ਮਾਮਲੇ ਹਨ ਜਾਂ ਨਹੀਂ, ਪਰ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਪੱਸ਼ਟ ਟਾਈਮਲਾਈਨ ਅਤੇ ਜ਼ਿੰਮੇਵਾਰੀਆਂ ਦੇ ਨਾਲ ਇੱਕ 'ਡਿਸਟ੍ਰਿਕ ਐਕਸ਼ਨ ਪਲਾਨ' ਤਿਆਰ ਕੀਤਾ ਜਾਵੇ।


ਭੂਸ਼ਣ ਨੇ ਕਿਹਾ ਹੈ ਕਿ ਮਾਮਲਿਆਂ 'ਚ ਵਾਧਾ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫ਼ੀ ਪ੍ਰਭਾਵਿਤ ਕਰ ਸਕਦਾ ਹੈ। ਭੂਸ਼ਣ ਨੇ ਆਪਣੀ ਚਿੱਠੀ 'ਚ ਇਹ ਵੀ ਕਿਹਾ ਹੈ ਕਿ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਹਾਈ ਪ੍ਰਪੋਸ਼ਨ ਦੇ ਨਾਲ-ਨਾਲ ਟੈਸਟਿੰਗ ਨੂੰ ਵਧਾਉਣ। ਭੂਸ਼ਣ ਨੇ ਕਿਹਾ, "ਟੈਸਟ, ਟਰੈਕ, ਟ੍ਰੀਟ" ਹੀ ਅਸਲ ਹਥਿਆਰ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ