ਚੰਡੀਗੜ੍ਹ: ਨਵੇਂ ਸਾਲ ਚੜ੍ਹ ਗਿਆ ਹੈ ਅਤੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਨਵੇਂ ਸਾਲ ਦੇ ਵਿੱਚ ਵੀ ਬਰਕਰਾਰ ਹੈ।ਇਸ ਦੌਰਾਨ ਕਿਸਾਨ ਜੱਥੇਬੰਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ "ਕੇਂਦਰ ਸਰਕਾਰ ਨਵੇਂ ਵਰੇਂ ਵਿੱਚ ਵੀ ਅੰਦੋਲਨ ਦਾ ਦਮਖਮ ਪਰਖੇਗੀ।ਉਨ੍ਹਾਂ ਕਿਹਾ ਕਿ ਪੰਜਾਬ ਪੱਧਰੀ ਭਾਜਪਾ ਤੇ ਕਾਰਪੋਰੇਟ ਘਰਾਣਿਆਂ ਦਾ ਅੱਜ ਵਿਰੋਧ ਕੀਤਾ ਜਾਵੇਗਾ। ਦੱਸ ਦੇਈਏ ਕਿ ਅੱਜ ਰੇਲ ਰੋਕੋ ਦੇ 100 ਦਿਨ ਪੂਰੇ ਹੋ ਗਏ ਹਨ।


ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ, " ਇਹ ਰੇਲ ਰੋਕੋ ਅੰਦੋਲਨ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ , ਅਜੇ ਤੱਕ ਰੇਲ ਟਰੈਕ ਤੇ ਪਸੈਂਨਜਰ ਗੱਡੀ ਨਹੀਂ ਚੱਲਣ ਦਿੱਤੀ , ਦਿੱਲੀ ਅੰਦੋਲਨ ਨਵੇਂ ਵਰੇ ਵਿੱਚ ਦਾਖਿਲ ਹੋਇਆ ਤੇ ਕੇਂਦਰ ਦੀ ਨੀਤੀ ਤੇ ਨੀਅਤ ਮੁਤਾਬਿਕ ਨਵੇਂ ਵਰੇ ਵਿੱਚ ਮੋਦੀ ਸਰਕਾਰ ਧਰਨਾਕਾਰੀਆਂ ਦਾ ਪੂਰਾ ਦਮਖਮ ਪਰਖੇਗੀ।"

ਉਨ੍ਹਾਂ ਕਿਹਾ, "ਤਿੰਨ ਖੇਤੀ ਕਾਨੂੰਨਾਂ ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਾਨੂੰਨ ਲਿਆਉਣ ਬਾਰੇ ਸਰਕਾਰ ਦਾ ਰੁਖ ਬਹੁਤ ਹੀ ਸਖਤ ਹੈ । ਇਸ ਲਈ ਲੰਬੇ ਸੰਘਰਸ਼ਾਂ ਦੀ ਤਿਆਰੀ ਕਰਨੀ ਚਾਹੀਦੀ ਹੈ , ਅੰਦੋਲਨ ਦੀ ਹਕੀਕੀ ਮਾਇਨਿਆਂ ਵਿੱਚ ਤੇਜ ਕਰਨ ਦੀ ਲੋੜ ਹੈ।"

ਜੱਥੇਬੰਦੀ ਨੇ ਸ਼ਾਹਜਹਾਨਪੁਰ ਨਾਕੇ ਤੇ ਦਿੱਲੀ ਵੱਲ ਵੱਧ ਰਹੇ ਕਿਸਾਨਾਂ ਤੇ ਖੱਟਰ ਸਰਕਾਰ ਵਲੋਂ ਕੀਤੇ ਜਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਾਂ ਕੀਤੀ।ਅੱਜ ਪੰਜਾਬ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ , ਵਿਧਾਇਕ , ਆਗੂ ਤੇ ਕਾਰਪੋਰੇਟ ਮਾਲਾਂ ਅੱਗੇ ਧਰਨੇ ਦਿੱਤੇ ਜਾਣਗੇ।ਅੰਮ੍ਰਿਤਸਰ ਵਿੱਚ ਤਰੁਣ ਚੁੱਘ ਤੇ ਟਿਲੀਅਮ ਮਾਲ ਦਾ ਘਿਰਾਓ ਕੀਤਾ ਗਿਆ।ਤਰਨ ਤਾਰਨ ਵਿਖੇ ਅਨਿਲ ਜੋਸ਼ੀ ਸਾਬਕਾ ਭਾਜਪਾ ਆਗੂ ਦੇ ਵੱਡੇ ਸ਼ਾਪਿੰਗ ਮਾਲ, ਕਪੂਰਥਲਾ ਵਿੱਚ ਰਿੰਲਾੲਸ ਮਾਲ, ਫਿਰੋਜ਼ਪੁਰ ਵਿੱਚ ਵੱਡੇ ਮਾਲ, ਜੀਰਾ ਵਿਖੇ ਮਾਲ, ਤਲਵੰਡੀ ਭਾਈ ਵਿਖੇ ਮਾਲ, ਪੱਟੀ ਵਿਖੇ ਟਰੈਡਜ ਮਾਲ, ਦਸੂਹਾ ਵਿੱਚ ਸੁਖਜੀਤ ਕੌਰ ਸ਼ਾਹੀ, ਹੁਸ਼ਿਆਰਪੁਰ ਦੇ ਸਾਬਕਾ ਵਿਧਾਇਕ ਦਾ ਘਿਰਾਓ ਕੀਤਾ ਗਿਆ।

ਉਧਰ ਜਲੰਧਰ ਲੋਹੀਆਂ ਟੀ ਪੁਆਇੰਟ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪਿੰਡ ਪਿੰਡ ਵਿੱਚ ਵੀ ਪੁਤਲੇ ਫੂਕੇ ਗਏ। ਮੋਗਾ ਕੋਟ ਇਸੇ ਖਾਂ 'ਚ ਵੀ ਕਾਰਪੋਰੇਟ ਘਰਾਣਿਆਂ ਦਾ ਘਿਰਾਓ ਕੀਤਾ ਗਿਆ।