Kisan Andolan: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਸਾਹਮਣੇ ਆਇਆ ਹੈ। ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੰਤਰੀ ਅਰਜੁਨ ਮੁੰਡਾ  ਨੇ ਕਿਹਾ, ਅਸੀਂ ਸਾਰੇ ਸ਼ਾਂਤੀ ਚਾਹੁੰਦੇ ਹਾਂ ਅਤੇ ਸਾਨੂੰ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ।



ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਅਸੀਂ ਕਈ ਪ੍ਰਸਤਾਵਾਂ 'ਤੇ ਚਰਚਾ ਕੀਤੀ। ਅਸੀਂ ਜਾਣਦੇ ਹਾਂ ਕਿ ਕਿਸਾਨ ਤਜਵੀਜ਼ਾਂ ਤੋਂ ਸੰਤੁਸ਼ਟ ਨਹੀਂ ਹਨ, ਪਰ ਇਹ ਚਰਚਾ ਜਾਰੀ ਰਹਿਣੀ ਚਾਹੀਦੀ ਹੈ, ਸਾਨੂੰ ਸ਼ਾਂਤੀਪੂਰਵਕ ਹੱਲ ਲੱਭਣਾ ਚਾਹੀਦਾ ਹੈ।


 MSP 'ਤੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਦਾ ਜ਼ਿਕਰ ਕਰਦੇ ਹੋਏ ਮੁੰਡਾ ਨੇ ਕਿਹਾ, ਅਸੀਂ ਚੰਗਾ ਕਰਨਾ ਚਾਹੁੰਦੇ ਹਾਂ। ਇਸ ਲਈ ਕਈ ਵਿਚਾਰ ਦਿੱਤੇ ਜਾ ਸਕਦੇ ਹਨ। ਅਸੀਂ ਹਮੇਸ਼ਾ ਚੰਗੀ ਫੀਡਬੈਕ ਦਾ ਸੁਆਗਤ ਕਰਦੇ ਹਾਂ। ਪਰ, ਸੰਵਾਦ ਹੀ ਇਸ ਗੱਲ ਦਾ ਹੱਲ ਲੱਭਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਹ ਰਾਏ ਕਿਵੇਂ ਲਾਭਦਾਇਕ ਹੋਵੇਗੀ।



ਕਿਸਾਨਾਂ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਚਾਰ ਮੀਟਿੰਗਾਂ ਕੀਤੀਆਂ ਹਨ ਪਰ ਸਿੱਟਾ ਕੋਈ ਨਹੀਂ ਨਿਕਲਿਆ। ਚੌਥੀ ਮੀਟਿੰਗ ਵਿੱਚ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਤਜਵੀਜ਼ ਦਿੱਤੀ ਸੀ ਕਿ ਕੇਂਦਰ ਸਰਕਾਰ 4 ਫਸਲਾਂ 'ਤੇ 5 ਸਾਲ ਦੇ ਇਕਰਾਰਨਾਮੇ ਤਹਿਤ MSP ਦੇਣ ਲਈ ਤਿਆਰ ਹੈ। 



ਕੇਂਦਰ ਦੀ ਇਹ ਤਜਵੀਜ਼ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਸਾਨੂੰ 4 ਫਸਲਾਂ 'ਤੇ ਨਹੀਂ 23 ਫਸਲਾਂ 'ਤੇ ਪੱਕੀ MSP ਦਿਓ ਅਤੇ MSP ਖਰੀਦ ਗਰੰਟੀ ਕਾਨੂੰਨੀ ਵੀ ਕੇਂਦਰ ਸਰਕਾਰ ਲੈ ਕੇ ਆਵੇ। 



ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਅੱਜ ਸਵੇਰੇ 11 ਵਜੇ ਦਿੱਲੀ ਨੂੰ ਕੂਚ ਕਰਨਗੇ। ਇਸ ਤੋਂ ਪਹਿਲਾਂ ਅੱਜ ਸਵੇਰੇ 6 ਵਜੇ ਹੀ ਧਰਨੇ ਵਾਲੀ ਥਾਂ 'ਤੇ ਹਰਕਤ ਦਿਖਾਈ ਦਿੱਤੀ। ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਟਰਾਲੀਆਂ ਸਵੇਰੇ 6 ਤੋਂ ਹੀ ਲਾਈਨਾਂ 'ਚ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।



ਹੁਣ ਇੰਤਜਾਰ ਹੈ ਤਾਂ ਸਿਰਫ਼ 11 ਵਜੇ ਦਾ ਜਾਂ ਫਿਰ ਇਸ ਤੈਅ ਸਮੇਂ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਦੇ ਫੋਨ ਦਾ, ਕਿਉਂਕਿ ਬੀਤੇ ਦਿਨ ਵੀ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਸਾਨੂੰ ਹਾਲੇ ਵੀ ਉਮੀਦ ਹੈ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਮਨ ਲਵੇਗੀ। 


 
 ਮੰਗਲਵਾਰ ਦੇਰ ਰਾਤ ਪੰਜਾਬ ਤੋਂ ਭਾਰੀ ਮਸ਼ੀਨਰੀ ਲੈ ਕੇ ਸ਼ੰਭੂ ਬਾਰਡਰ ਵੱਲ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਨਾਕਾਬੰਦੀ ਨੂੰ ਲੈ ਕੇ ਝੜਪ ਹੋ ਗਈ ਸੀ। ਇਸ ਵਿੱਚ ਸ਼ੰਭੂ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਅਤੇ ਮੁਹਾਲੀ ਦੇ ਐਸਪੀ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।