ਨਵੀਂ ਦਿੱਲੀ: ਭਾਰਤ ਸਰਕਾਰ ਤੇ ਹਵਾਈ ਫ਼ੌਜ ਦਾ ਦਾਅਵਾ ਹੈ ਕਿ ਪਾਕਿਸਤਾਨ ਨੂੰ ਏਅਰ ਸਟ੍ਰਾਈ ਨਾਲ ਵੱਡਾ ਨੁਕਸਾਨ ਹੋਇਆ ਹੈ, ਪਰ ਪਾਕਿਸਤਾਨ ਨੇ ਕਿਸੇ ਦੀ ਮੌਤ ਤੋਂ ਵੀ ਇਨਕਾਰ ਕੀਤਾ ਹੈ। ਹੁਣ ਮੋਦੀ ਸਰਕਾਰ ਦੇ ਮੰਤਰੀ ਐਸਐਸ ਆਹਲੂਵਾਲੀਆ ਨੇ ਕਿਹਾ ਹੈ ਕਿ ਸਰਕਾਰ ਨੇ ਕਦੇ ਵੀ ਨਹੀਂ ਕਿਹਾ ਕਿ 300 ਅੱਤਵਾਦੀ ਮਾਰੇ ਗਏ ਹਨ।


ਆਹਲੂਵਾਲੀਆ ਨੇ ਕਿਹਾ, "ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਮਾਰੇ ਗਏ ਅੱਤਵਾਦੀਆਂ ਦੇ ਤੱਥਹੀਣ ਦਾਅਵੇ ਪ੍ਰਸਾਰਿਤ ਕੀਤੇ ਜਾ ਰਹੇ ਸਨ। ਏਅਰ ਸਟ੍ਰਾਈਕ ਮਗਰੋਂ ਮੋਦੀ ਜੀ ਨੇ ਰਾਜਸਥਾਨ ਦੇ ਚੁਰੂ ਵਿੱਚ ਰੈਲੀ ਕੀਤੀ। ਮੋਦੀ ਜੀ ਨੇ ਕਦੇ ਵੀ ਨਹੀਂ ਕਿਹਾ ਕਿ ਸਟ੍ਰਾਈਕ ਵਿੱਚ 300 ਲੋਕ ਮਾਰੇ ਗਏ। ਕੀ ਕਿਸੇ ਵੀ ਬੀਜੇਪੀ ਬੁਲਾਰੇ ਨੇ ਅਜਿਹਾ ਕਿਹਾ, ਕੀ ਅਮਿਤ ਸ਼ਾਹ ਨੇ ਅਜਿਹਾ ਕਿਹਾ। ਹਮਲੇ ਦਾ ਉਦੇਸ਼ ਮਾਰਨਾ ਨਹੀਂ ਸੰਦੇਸ਼ ਦੇਣਾ ਸੀ, ਇਹੋ ਜ਼ਰੂਰੀ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਕਿਸੇ ਦੀ ਜਾਨ ਜਾਵੇ।"

ਦਿਲਚਸਪ ਗੱਲ ਇਹ ਹੈ ਕਿ ਆਹਲੂਵਾਲੀਆ ਦੇ ਬਿਆਨ ਨੂੰ ਪਾਕਿਸਤਾਨ ਆਪਣੇ ਦਾਅਵੇ ਦੇ ਸਮਰਥਨ ਵਿੱਚ ਵੀ ਵਰਤ ਰਿਹਾ ਹੈ। ਪਾਕਿ ਮੀਡੀਆ ਵਿੱਚ ਆਹਲੂਵਾਲੀਆ ਦਾ ਬਿਆਨ ਛਾਇਆ ਹੋਇਆ ਹੈ। ਆਹਲੂਵਾਲੀਆ ਦਾ ਬਿਆਨ ਮਮਤਾ ਬੈਨਰਜੀ ਦੇ ਉਸ ਬਿਆਨ ਮਗਰੋਂ ਆਇਆ ਹੈ ਜਿਸ ਵਿੱਚ ਉਨ੍ਹਾਂ ਵਿਦੇਸ਼ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਏਅਰ ਸਟ੍ਰਾਈਕ ਦੇ ਸਬੂਤ ਮੰਗੇ ਸਨ।

ਉੱਧਰ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਹਲੂਵਾਲੀਆ ਦੇ ਬਿਆਨ ਨੂੰ ਕੱਟ ਦਿੱਤਾ। ਸ਼ਾਹ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਿਹਾ ਕਿ ਏਅਰ ਸਟ੍ਰਾਈਕ ਵਿੱਚ 250 ਤੋਂ ਵੱਧ ਅੱਤਵਾਦੀ ਮਾਰੇ ਗਏ।