UP Election 2022 : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀ ਵਿੱਚ ਬਣੇ ਚਾਰੇ ਵਿਧਾਨ ਸਭਾ ਦੇ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਪੁਲਿਸ ਨਹੀਂ, ਲੰਗੂਰ ਨੂੰ ਤਾਇਨਾਤ ਕੀਤਾ ਗਿਆ ਹੈ। ਦਰਅਸਲ, ਬਾਂਦਰ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ (EVM-VVPAT)ਦੀ ਨਿਗਰਾਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜ ਰਹੇ ਸਨ। ਇਨ੍ਹਾਂ ਬਾਂਦਰਾਂ ਨੂੰ ਭਜਾਉਣ ਲਈ ਮੰਡੀ ਵਿੱਚ ਲੰਗੂਰ ਤਾਇਨਾਤ ਕੀਤਾ ਗਿਆ ਸੀ।

 

ਪੀਲੀਭੀਤ 'ਚ ਚੌਥੇ ਪੜਾਅ 'ਚ 23 ਫਰਵਰੀ (ਬੁੱਧਵਾਰ) ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਲਈ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾਵਾਂ ਲਈ ਮੰਡੀ ਦੀ ਚਾਰਦੀਵਾਰੀ ਵਿੱਚ ਚਾਰ ਸਟਰਾਂਗ ਰੂਮ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਈਵੀਐਮ ਮਸ਼ੀਨਾਂ ਅਤੇ ਵੀਵੀਪੀਏਟੀ ਰੱਖੇ ਗਏ ਹਨ। ਉਨ੍ਹਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਪਰ ਚੋਣ ਕਮਿਸ਼ਨ ਦੀ ਸੁਰੱਖਿਆ ਨੂੰ ਛਿੱਕੇ ਟੰਗਦੇ ਹੋਏ ਬਾਂਦਰਾਂ ਨੇ ਇਨ੍ਹਾਂ ਕੈਮਰਿਆਂ ਨੂੰ ਤੋੜ ਦਿੱਤਾ, ਜਿਸ ਕਾਰਨ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਜਲਦਬਾਜ਼ੀ ਵਿੱਚ ਮੀਟਿੰਗ ਬੁਲਾਈ ਗਈ।

 

 ਮੀਟਿੰਗ ਤੋਂ ਬਾਅਦ ਲਿਆ ਗਿਆ ਇਹ ਫੈਸਲਾ  


ਮੀਟਿੰਗ ਤੋਂ ਬਾਅਦ ਸੁਰੱਖਿਆ ਜੰਗਲਾਤ ਵਿਭਾਗ ਨੂੰ ਸੌਂਪ ਦਿੱਤੀ ਗਈ। ਕੁਝ ਦਿਨਾਂ ਤੋਂ 24 ਘੰਟੇ 3 ਸ਼ਿਫਟਾਂ ਵਿੱਚ ਅਸਮਾਨ ਤੋਂ ਜ਼ਮੀਨ ਤੱਕ ਸੁਰੱਖਿਆ ਲਗਾਈ ਗਈ ਸੀ ਅਤੇ ਬਾਂਦਰਾਂ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਗਿਆ ਸੀ।  ਬਾਂਦਰਾਂ ਨੂੰ ਪਿੰਜਰਿਆਂ ਵਿੱਚ ਭਰ ਭਰ ਜੰਗਲਾਂ ਵਿੱਚ ਛੱਡ ਦਿੱਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਬਾਂਦਰ ਦੁਬਾਰਾ ਆਉਣ ਲੱਗੇ। ਰਾਤ ਸਮੇਂ ਝੁੰਡਾਂ ਦੇ ਝੁੰਡ ਆ ਗਏ ਅਤੇ ਸੀਸੀਟੀਵੀ ਕੈਮਰੇ ਦੀ ਭੰਨਤੋੜ ਕਰਨ ਲੱਗੇ।

 

ਅਧਿਕਾਰੀ ਨੇ ਦਿੱਤੀ ਇਹ ਜਾਣਕਾਰੀ 

 

ਇਸ ਤੋਂ ਬਾਅਦ ਪੀਲੀਭੀਤ ਪ੍ਰਸ਼ਾਸਨ ਨੇ ਲੰਗੂਰ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ। ਜਿਵੇਂ ਹੀ ਲੰਗੂਰ ਮੰਡੀ 'ਚ ਛੱਡਿਆ ਗਿਆ ਤਾਂ ਦੂਰ-ਦੂਰ ਤੱਕ ਬਾਂਦਰ ਨਜ਼ਰ ਨਹੀਂ ਆਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਉਪ ਖੇਤਰੀ ਜੰਗਲਾਤ ਅਫ਼ਸਰ ਸ਼ੇਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਸਟਰਾਂਗ ਰੂਮ ਬਣਾਇਆ ਗਿਆ ਹੈ। ਇਨ੍ਹਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨੂੰ ਬਾਂਦਰਾਂ ਨੇ ਤੋੜ ਦਿੱਤਾ ਸੀ। ਉਨ੍ਹਾਂ ਦੀ ਸੁਰੱਖਿਆ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਤਾਇਨਾਤ ਹਨ ਅਤੇ ਲੰਗੂਰ ਨੂੰ ਵੀ ਤਾਇਨਾਤ ਕੀਤਾ ਗਿਆ ਹੈ।