UP Election 2022: ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ (UP Election 2022) ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (BJP) 'ਚ ਅਸਤੀਫ਼ਿਆਂ ਦਾ ਦੌਰ ਚੱਲ ਰਿਹਾ ਹੈ। ਹੁਣ ਤੱਕ 14 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਦੇ 10 ਹੋਰ ਮੰਤਰੀ ਅਸਤੀਫ਼ਾ ਦੇਣਗੇ। ਇਹ ਹਵਾ ਕਿਹੜੇ ਪਾਸੇ ਵਗ ਰਹੀ ਹੈ, ਤੁਸੀਂ ਸਮਝ ਲਓ।


ਸੰਜੇ ਰਾਊਤ ਨੇ ਕਿਹਾ, "ਮੈਂ ਬੀਤੇ ਦਿਨ ਕਿਹਾ ਸੀ ਕਿ ਅਸਤੀਫ਼ਿਆਂ ਦੀ ਇਹ ਗਿਣਤੀ ਵਧਦੀ ਰਹੇਗੀ। ਤੁਸੀਂ ਵੇਖਿਆ 5 ਸਾਲਾਂ ਤੋਂ ਲੋਕ ਦਬਾਅ ਹੇਠ ਕੰਮ ਕਰ ਰਹੇ ਸਨ। ਉਂਜ, ਕੰਮ ਤਾਂ ਕੁਝ ਨਹੀਂ ਹੋਇਆ, ਸਿਰਫ਼ ਇਵੈਂਟ ਹੋਇਆ ਹੈ। ਦੇਸ਼ ਦੇ ਲੋਕਾਂ ਦੇ ਜੋ ਸਵਾਲ ਸਨ, ਉਹੀ ਅੱਜ ਵੀ ਹਨ। 80 ਫ਼ੀਸਦੀ ਬਨਾਮ 20 ਫ਼ੀਸਦੀ ਕਹਿਣ ਨਾਲ ਵੋਟਾਂ ਦਾ ਧਰੁਵੀਕਰਨ ਹੋ ਸਕਦਾ ਹੈ, ਪਰ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਲੋਕ ਬਦਲਾਅ ਚਾਹੁੰਦੇ ਹਨ ਤੇ ਜਦੋਂ ਮੰਤਰੀ ਚਲੇ ਜਾਣ ਤਾਂ ਸਮਝੋ ਹਵਾ ਕਿਸ ਦਿਸ਼ਾ ਵੱਲ ਵਗ ਰਹੀ ਹੈ।"


ਇਨ੍ਹਾਂ ਆਗੂਆਂ ਨੇ ਦਿੱਤਾ ਅਸਤੀਫ਼ਾ


ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਯੂਪੀ ਸਰਕਾਰ 'ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਅਸਤੀਫ਼ਾ ਦੇ ਦਿੱਤਾ ਸੀ। ਉਹ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸਵਾਮੀ ਪ੍ਰਸਾਦ ਮੌਰਿਆ ਦੇ ਅਸਤੀਫ਼ੇ ਤੋਂ ਬਾਅਦ ਦਾਰਾ ਸਿੰਘ ਚੌਹਾਨ ਤੇ ਧਰਮ ਸਿੰਘ ਸੈਣੀ ਵੀ ਯੋਗੀ ਸਰਕਾਰ ਤੋਂ ਵੱਖ ਹੋ ਗਏ ਹਨ।


ਇਸ ਤੋਂ ਇਲਾਵਾ 6 ਵਿਧਾਇਕਾਂ ਨੇ ਵੀ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ਵਿੱਚ ਬ੍ਰਜੇਸ਼ ਪ੍ਰਜਾਪਤੀ, ਰੌਸ਼ਨ ਲਾਲ ਵਰਮਾ, ਭਗਵਤੀ ਸਿੰਘ ਸਾਗਰ, ਮੁਕੇਸ਼ ਵਰਮਾ, ਵਿਨੈ ਸ਼ਾਕਿਆ ਤੇ ਬਾਲਾ ਅਵਸਥੀ ਦੇ ਨਾਂ ਸ਼ਾਮਲ ਹਨ। ਭਾਜਪਾ ਤੋਂ ਹੁਣ ਤੱਕ ਕੁੱਲ 14 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਵਿੱਚ ਰਾਕੇਸ਼ ਰਾਠੌਰ, ਜੈ ਚੌਬੇ, ਮਾਧੁਰੀ ਵਰਮਾ ਤੇ ਆਰਕੇ ਸ਼ਰਮਾ ਪਹਿਲਾਂ ਹੀ ਸਪਾ 'ਚ ਸ਼ਾਮਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅਵਤਾਰ ਸਿੰਘ ਭਡਾਨਾ ਰਾਸ਼ਟਰੀ ਲੋਕ ਦਲ 'ਚ ਸ਼ਾਮਲ ਹੋ ਗਏ ਹਨ।


ਦੂਜੇ ਪਾਸੇ ਸੁਲਤਾਨਪੁਰ ਦੀ ਸਦਰ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਸੀਤਾਰਾਮ ਵਰਮਾ ਨੇ ਸਪਾ 'ਚ ਸ਼ਾਮਲ ਹੋਣ ਦੀ ਅਫ਼ਵਾਹ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦੱਸ ਦੇਈਏ ਕਿ ਸੀਤਾਰਾਮ ਸਾਬਕਾ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਦੇ ਕਰੀਬੀ ਮੰਨੇ ਜਾਂਦੇ ਹਨ। ਸਵਾਮੀ ਪ੍ਰਸਾਦ ਮੌਰਿਆ ਦੇ ਸਪਾ 'ਚ ਜਾਂਦੇ ਹੀ ਇਹ ਚਰਚਾ ਤੇਜ਼ ਹੋ ਗਈ ਸੀ ਕਿ ਉਹ ਵੀ ਸਪਾ ਦੇ ਧੜੇ 'ਚ ਸ਼ਾਮਲ ਹੋ ਜਾਣਗੇ, ਪਰ ਪ੍ਰੈੱਸ ਕਾਨਫਰੰਸ ਕਰਕੇ ਸੀਤਾ ਰਾਮ ਵਰਮਾ ਨੇ ਇਸ ਅਫ਼ਵਾਹ 'ਤੇ ਵਿਰਾਮ ਲਗਾ ਦਿੱਤਾ।



ਇਹ ਵੀ ਪੜ੍ਹੋ: ਸਾਵਧਾਨ! ਪਾਸਵਰਡ, ਸੇਫ਼ਟੀ ਹੋਣ ਦੇ ਬਾਵਜੂਦ ਤੁਹਾਡੇ ਫ਼ੋਨ ਤੋਂ ਇਸ ਤਰ੍ਹਾਂ ਲੀਕ ਹੋ ਜਾਂਦੇ ਫ਼ੋਟੋਆਂ ਤੇ ਵੀਡੀਓਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904