ਨਵੀਂ ਦਿੱਲੀ: ਭਾਜਪਾ ਨੇ ਕਿਸਾਨਾਂ ਦੇ ਅੰਦੋਲਨ ਕਾਰਨ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਘਟਾਉਣ ਲਈ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਭਾਜਪਾ ਕਿਸਾਨ ਮੋਰਚਾ 15 ਅਕਤੂਬਰ ਤੋਂ 15 ਦਸੰਬਰ ਤੱਕ ਮੁਹਿੰਮ ਚਲਾਏਗੀ। ਇਸ ਮੁਹਿੰਮ ਤਹਿਤ ਭਾਜਪਾ ਕਿਸਾਨ ਮੋਰਚਾ ਦੇ ਲੀਡਰ ਉੱਤਰ ਪ੍ਰਦੇਸ਼ ਦੇ ਹਰ ਛੋਟੇ ਤੇ ਵੱਡੇ ਪਿੰਡਾਂ 'ਚ ਜਾਣਗੇ। ਉਹ ਕਿਸਾਨਾਂ ਨੂੰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਤੇ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ ਤੇ ਇਨ੍ਹਾਂ ਦੇ ਫ਼ਾਇਦੇ ਦੱਸਣਗੇ।


ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ


ਇਸ ਮੁਹਿੰਮ ਦੌਰਾਨ ਕਿਸਾਨ ਆਗੂਆਂ ਦੇ ਮਨਾਂ 'ਚ ਉੱਠੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨ ਆਗੂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ।


15 ਅਕਤੂਬਰ ਤੋਂ 15 ਦਸੰਬਰ ਤੱਕ ਚੱਲੇਗੀ ਮੁਹਿੰਮ


15 ਅਕਤੂਬਰ ਤੋਂ 15 ਦਸੰਬਰ ਤੱਕ ਚੱਲੇ ਇਸ ਅਭਿਆਨ ਦੌਰਾਨ ਬੀਜੇਪੀ ਲੀਡਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ ਕਿ ਛੋਟੇ ਕਿਸਾਨਾਂ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਮਿਲੇਗਾ।


ਇਸ ਦੌਰਾਨ ਭਾਜਪਾ ਕਿਸਾਨ ਮੋਰਚਾ ਕਿਸਾਨਾਂ ਦੇ ਸਾਹਮਣੇ ਅੰਕੜਿਆਂ ਦੇ ਤਰੀਕਿਆਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰੇਗਾ ਕਿ ਤਿੰਨ ਖੇਤੀਬਾੜੀ ਕਾਨੂੰਨ ਆਉਣ ਤੋਂ ਬਾਅਦ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਲਾਭ ਹੋਇਆ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਕਿਸ ਤਰ੍ਹਾਂ ਦੇ ਲਾਭ ਮਿਲਣਗੇ।


ਲਖਨਊ ਵਿੱਚ 18 ਸਤੰਬਰ ਨੂੰ ਹੋਵੇਗਾ ਕਿਸਾਨ ਸੰਮੇਲਨ


ਇਸ ਕੜੀ ਵਿੱਚ 18 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਖਨਊ ਵਿੱਚ ਇੱਕ ਕਿਸਾਨ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਯੋਗੀ ਆਦਿੱਤਿਆਨਾਥ ਇਸ ਮੌਕੇ ਕਿਸਾਨਾਂ ਸਬੰਧੀ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ।


ਇਹ ਧਿਆਨ ਦੇਣ ਯੋਗ ਹੈ ਕਿ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਇਨ੍ਹਾਂ ਵਿੱਚੋਂ ਦੋ ਸੂਬੇ ਅਜਿਹੇ ਹਨ ਜਿਨ੍ਹਾਂ ਵਿੱਚ ਇਸ ਕਿਸਾਨ ਅੰਦੋਲਨ ਦਾ ਸਿੱਧਾ ਅਸਰ ਪੈ ਸਕਦਾ ਹੈ ਤੇ ਇਹ ਸੂਬੇ ਉੱਤਰ ਪ੍ਰਦੇਸ਼ ਤੇ ਪੰਜਾਬ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਜਪਾ ਕਿਸਾਨਾਂ ਤੱਕ ਪਹੁੰਚ ਕਰਨ ਲਈ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ ਤੇ ਕਿਸਾਨ ਮੋਰਚੇ ਦੀ ਇਹ ਮੁਹਿੰਮ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ।


ਇਹ ਵੀ ਪੜ੍ਹੋ: Farmers Protest: ਸਰਕਾਰ ਵੱਲੋਂ ਦਿੱਲੀ ਬਾਰਡਰ 'ਤੇ ਸੜਕਾਂ ਖੁੱਲ੍ਹਵਾਉਣ ਦੀ ਤਿਆਰੀ, ਕਿਸਾਨਾਂ ਦਾ ਦਾਅਵਾ, 'ਅਸੀਂ ਤਾਂ ਬੰਦ ਹੀ ਨਹੀਂ ਕੀਤੀਆਂ'...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904