ਹਾਥਰਸ: ਇੱਥੋਂ ਦੇ ਇੱਕ ਕਿਸਾਨ ਤੇ ਉਸ ਦੀਆਂ ਤਿੰਨ ਧੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ ਹੈ ਕਿਉਂਕਿ ਉਨ੍ਹਾਂ ਨੂੰ ਪੀਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਮਿਲ ਰਿਹਾ। ਜ਼ਿਲ੍ਹਾ ਹਾਥਰਸ ਦੇ ਹਾਸਿਆਨ ਬਲਾਕ ਵਿੱਚ ਇੱਕ ਕਿਸਾਨ ਚੰਦਰਪਾਲ ਸਿੰਘ ਖੇਤਰ ਵਿੱਚ ਖਾਰਾ ਪਾਣੀ ਆਉਣ ਦੀ ਸ਼ਿਕਾਇਤ ਕਰਨ ਲਈ ਕਈ ਦਿਨਾਂ ਤੋਂ ਸਰਕਾਰੀ ਅਧਿਕਾਰੀਆਂ ਦੇ ਚੱਕਰ ਲਾ ਰਹੇ ਹਨ।


ਇਸ ਸਬੰਧੀ ਕਿਸਾਨ ਚੰਦਰਪਾਲ ਸਿੰਘ ਨੇ ਕਿਹਾ ਕਿ ਉਹ ਖਾਰਾ ਪਾਣੀ ਨਹੀਂ ਪੀ ਸਕਦੇ। ਉਨ੍ਹਾਂ ਦੀਆਂ ਧੀਆਂ ਜਦੋਂ ਵੀ ਪਾਣੀ ਪੀਂਦੀਆਂ ਹਨ, ਉਨ੍ਹਾਂ ਨੂੰ ਉਲਟੀ ਆ ਜਾਂਦੀ ਹੈ। ਪਾਣੀ ਵਿੱਚ ਨਮਕ ਜ਼ਿਆਦਾ ਹੋਣ ਕਰਕੇ ਫਸਲਾਂ ਵੀ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਬੋਤਲਬੰਦ ਪਾਣੀ ਵੀ ਨਹੀਂ ਪਿਲਾ ਸਕਦੇ। ਉੱਤੋਂ ਉਨ੍ਹਾਂ ਦੀਆਂ ਗੁਜ਼ਾਰਿਸ਼ਾਂ ਨਾਲ ਅਫ਼ਸਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਇਸ ਲਈ ਹੁਣ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਆਪਣਾ ਤੇ ਆਪਣੀਆਂ ਨਾਬਾਲਗ ਧੀਆਂ ਦਾ ਜੀਵਨ ਖ਼ਤਮ ਕਰਨ ਦੀ ਮਨਜ਼ੂਰੀ ਮੰਗੀ ਹੈ।

ਦੱਸ ਦੇਈਏ ਇਕੱਲੇ ਚੰਦਰਪਾਲ ਸਿੰਘ ਹੀ ਨਹੀਂ, ਇਲਾਕੇ ਦੇ ਹੋਰ ਲੋਕ ਵੀ ਇਸੇ ਸਮੱਸਿਆ ਨਾਲ ਜੂਝ ਰਹੇ ਹਨ। ਇੱਕ ਸਥਾਨੀ ਨਿਵਾਸੀ ਰਾਕੇਸ਼ ਕੁਮਾਰ ਨੇ ਕਿਹਾ ਕਿ ਪਾਣੀ ਇੰਨਾ ਖਾਰਾ ਹੈ ਕਿ ਜਾਨਵਰ ਤਕ ਇਹ ਪਾਣੀ ਨਹੀਂ ਪੀ ਰਹੇ। ਪੀਣ ਵਾਲਾ ਪਾਣੀ ਲਿਆਉਣ ਲਈ ਉਨ੍ਹਾਂ ਨੂੰ 3-4 ਕਿਮੀ ਦੂਰ ਪੈਦਲ ਜਾਣਾ ਪੈਂਦਾ ਹੈ। ਜਦੋਂ ਇਸ ਬਾਰੇ ਅਫ਼ਸਰਾਂ ਨੂੰ ਪੁੱਛਿਆ ਗਿਆ ਤਾਂ ਉਹ ਇਸ ਸਮੱਸਿਆ ਤੋਂ ਬਿਲਕੁਲ ਅਨਜਾਣ ਸਨ।