ਨਵੀਂ ਦਿੱਲੀ: ਟੈਕਸ ਨੂੰ ਲੈ ਕੇ ਅਮਰੀਕਾ ਤੇ ਭਾਰਤ ਵਿਚਾਲੇ ਖੜਕ ਗਈ ਹੈ। ਭਾਰਤ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਬਾਦਾਮ, ਅਖਰੋਟ ਤੇ ਦਾਲਾਂ ਸਮੇਤ 28 ਉਤਪਾਦਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ (ਸੀਬੀਆਈਸੀ) ਨੇ ਸ਼ਨਿੱਚਰਵਾਰ ਨੂੰ ਦੋ ਸਾਲ ਪੁਰਾਣੇ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ। ਵਧੀ ਹੋਈ ਡਿਊਟੀ ਐਤਵਾਰ ਨੂੰ ਲਾਗੂ ਹੋ ਗਈ ਹੈ। ਯਾਦ ਰਹੇ ਇਸ ਤੋਂ ਪਹਿਲਾਂ ਅਮਰੀਕਾ ਨੇ ਜੂਨ 2018 ਵਿੱਚ ਸਟੀਲ ਤੇ ਐਲੂਮੀਨੀਅਮ ਵਰਗੇ ਭਾਰਤੀ ਉਤਪਾਦਾਂ 'ਤੇ ਟੈਰਿਫ ਵਧਾਇਆ ਸੀ।

ਭਾਰਤ ਦੀ ਇਸ ਕਾਰਵਾਈ ਨਾਲ ਇਨ੍ਹਾਂ 28 ਚੀਜ਼ਾਂ ਦਾ ਨਿਰਯਾਤ ਕਰਨ ਵਾਲੇ ਅਮਰੀਕੀ ਕਾਰੋਬਾਰੀ ਪ੍ਰਭਾਵਿਤ ਹੋਣਗੇ। ਕਸਟਮ ਡਿਊਟੀ ਵਧਣ ਨਾਲ ਭਾਰਤ ਵਿੱਚ ਇਨ੍ਹਾਂ ਚੀਜ਼ਾਂ ਦੀ ਦਰਾਮਦ ਮਹਿੰਗੀ ਹੋ ਜਾਏਗੀ। ਭਾਰਤ ਨੂੰ 21.7 ਕਰੋੜ ਰੁਪਏ ਦਾ ਹੋਰ ਮਾਲੀਆ ਮਿਲਣ ਦੀ ਉਮੀਦ ਹੈ। ਪਹਿਲਾਂ ਅਮਰੀਕਾ ਦੀਆਂ 29 ਵਸਤੂਆਂ ਖ਼ਿਲਾਫ਼ ਕਾਰਵਾਈ ਦੀ ਗੱਲ ਹੋਈ ਸੀ, ਪਰ ਬਾਅਦ ਵਿੱਚ ਝੀਂਗਾ ਮੱਛੀ ਨੂੰ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਨੋਟੀਫਿਕੇਸ਼ਨ ਮੁਤਾਬਕ ਅਮਰੀਕਾ ਤੋਂ ਇਲਾਵਾ ਹੋਰ ਮੁਲਕਾਂ ਤੋਂ ਇਹਨਾਂ ਵਸਤਾਂ ਦਾ ਵਪਾਰ ਮੋਸਟ ਫੈਵਰਡ ਨੇਸ਼ਨ (ਐਮਐਫਐਨ) ਦੇ ਅਧੀਨ ਜਾਰੀ ਰਹੇਗਾ। ਇਨ੍ਹਾਂ ਦੀ ਕੀਮਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਮੌਜੂਦਾ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਨੂੰ ਜੀਐਸਪੀ ਤੋਂ ਬਾਹਰ ਕਰ ਦਿੱਤਾ ਸੀ। ਇਸ ਨਾਲ ਭਾਰਤ ਦੀ 5.6 ਅਰਬ ਡਾਲਰ (ਲਗਪਗ 39,000 ਕਰੋੜ ਰੁਪਏ) ਦੇ ਨਿਰਯਾਤ 'ਤੇ ਰਿਆਇਤ ਮਿਲਣੀ ਬੰਦ ਹੋ ਗਈ। ਪਿਛਲੇ ਸਾਲ ਅਮਰੀਕਾ ਨੇ ਭਾਰਤੀ ਸਟੀਲ ਤੇ 10 ਫੀਸਦੀ ਤੇ ਐਲੂਮੀਨੀਅਮ 'ਤੇ 25 ਫੀਸਦੀ ਟੈਰਿਫ ਵਧਾਇਆ ਸੀ।