ਵਾਸ਼ਿੰਗਟਨ: ਪੰਜਾਬ ਤੋਂ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੁੰਦੇ ਸਿੱਖ ਪਰਿਵਾਰ ਦੀ ਧੀ ਦੀ ਮੌਤ ਹੋਣ ਦੀ ਖ਼ਬਰ ਆਈ ਸੀ, ਹੁਣ ਉਸ ਕੁੜੀ ਦੀ ਸ਼ਨਾਖ਼ਤ ਹੋ ਚੁੱਕੀ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਹਾਲਾਂਕਿ, ਉਹ ਮੂਲ ਰੂਪ ਵਿੱਚ ਭਾਰਤ 'ਚੋਂ ਕਿੱਥੋਂ ਦੀ ਰਹਿਣ ਵਾਲੀ ਸੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਛੇ ਸਾਲਾ ਸਿੱਖ ਬੱਚੀ ਗੁਰਪ੍ਰੀਤ ਕੌਰ ਅਮਰੀਕਾ ਦੇ ਅਰੀਜ਼ੋਨਾ ਮਾਰੂਥਲ 'ਚ ਗਰਮੀ ਦੀ ਤਪਸ਼ ਨਾ ਝੱਲਦੀ ਹੋਈ ਦਮ ਤੋੜ ਗਈ। ਗੁਰਪ੍ਰੀਤ ਕੌਰ ਨੇ ਕੁਝ ਹੀ ਦਿਨਾਂ ਵਿੱਚ ਆਪਣਾ ਸੱਤਵਾਂ ਜਨਮਦਿਨ ਵੀ ਮਨਾਉਣਾ ਸੀ। ਪਰ ਉਸ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਅਰੀਜ਼ੋਨਾ ਦੇ ਲਿਊਕਵਿਲੇ ਸ਼ਹਿਰ ਦੇ ਪੱਛਮੀ ਅਮਰੀਕਾ ਦੇ ਬਾਰਡਰ ਗਸ਼ਤੀ ਸੁਰੱਖਿਆ ਬਲਾਂ ਨੇ ਲੱਭੀ ਸੀ।

ਜ਼ਰੂਰ ਪੜ੍ਹੋ- ਪ੍ਰਵਾਸ ਕਰਨ ਦੀ ਲਾਲਸਾ: ਅਮਰੀਕਾ-ਮੈਕਸੀਕੋ ਸਰਹੱਦ ਕੋਲ ਮਿਲੀ ਭਾਰਤੀ ਬੱਚੀ ਦੀ ਲਾਸ਼

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਸਵੇਰੇ 10 ਵਜੇ ਮਨੁੱਖੀ ਤਸਕਰਾਂ ਨੇ ਇਸ ਬੱਚੀ ਨੂੰ ਮਾਂ ਸਮੇਤ ਚਾਰ ਹੋਰਾਂ ਭਾਰਤੀਆਂ ਨਾਲ ਬਾਰਡਰ ਪਾਰ ਕਰਾਇਆ ਸੀ। ਕੁਝ ਸਮਾਂ ਪੈਦਲ ਤੁਰਨ ਉਪਰੰਤ ਬੱਚੀ ਦੀ ਮਾਂ ਤੇ ਹੋਰ ਭਾਰਤੀ ਬੱਚੀ ਨੂੰ ਇੱਕ ਹੋਰ ਔਰਤ ਤੇ ਉਸ ਦੇ ਬੱਚੇ ਨੂੰ ਛੱਡ ਪਾਣੀ ਦੀ ਭਾਲ 'ਚ ਚਲੇ ਗਏ। ਅਮਰੀਕੀ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਬੱਚੀ ਦੀ ਮਾਂ ਤੇ ਦੂਸਰੀ ਔਰਤ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਉਨ੍ਹਾਂ ਨੂੰ ਫੜ ਲਿਆ ਗਿਆ। ਜਿਸ ਤੋਂ ਚਾਰ ਘੰਟਿਆਂ ਬਾਅਦ ਅਧਿਕਾਰੀਆਂ ਨੇ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ।

ਬੱਚੀ ਦੀ ਮੌਤ ਹਾਈਪੋਥਰਮੀਆ ਨਾਲ ਹੋਈ ਦੱਸੀ ਜਾ ਰਹੀ ਹੈ। ਬਾਰਡਰ ਪੈਟਰੋਲ ਨੇ ਮਨੱਖੀ ਤਸਕਰਾਂ 'ਤੇ ਬੱਚੀ ਦੀ ਮੌਤ ਦਾ ਦੋਸ਼ ਲਗਾਇਆ ਹੈ। ਇਸ ਸਾਲ 30 ਮਈ ਤਕ ਦੱਖਣੀ ਅਰੀਜ਼ੋਨਾ ਮਾਰੂਥਲ ਵਿੱਚ 58 ਪ੍ਰਵਾਸੀ ਮਾਰੇ ਗਏ ਹਨ। ਪਿਛਲੇ ਸਾਲ ਇਨ੍ਹਾਂ ਮੌਤਾਂ ਦਾ ਅੰਕੜਾ 127 ਸੀ।