ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਫ਼ਤਿਆਬਾਦ ਲਾਗਲੇ ਬੜ੍ਹੋਰਾ ’ਚ ਅਵਾਰਾ ਪਸ਼ੂਆਂ ਵੱਲੋਂ 6 ਬਿੱਘੇ ਜ਼ਮੀਨ ਉੱਤੇ ਕਣਕ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣ ਤੋਂ ਸਦਮੇ ’ਚ ਆ ਕੇ ਕਿਸਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 51 ਸਾਲਾ ਨਾਰਾਇਣ ਸਿੰਘ ਨੇ ਕਥਿਤ ਤੌਰ ਉੱਤੇ 90,000 ਰੁਪਏ ਉਧਾਰ ਲਏ ਹੋਏ ਸਨ ਤੇ ਕਰਜ਼ਾ ਅਦਾ ਕਰਨ ਲਈ ਉਹ ਆਪਣਾ ਫ਼ਸਲ ’ਤੇ ਹੀ ਨਿਰਭਰ ਸਨ।

ਮ੍ਰਿਤਕ ਕਿਸਾਨ ਨਾਰਾਇਣ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਅਣਵਿਆਹੀ ਧੀਆਂ ਸਮੇਤ ਤਿੰਨ ਨਿੱਕੇ ਬੱਚੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਨਾਰਾਇਣ ਸਿੰਘ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਲਈ ਆਪਣਾ ਵਧੇਰੇ ਸਮਾਂ ਖੇਤਾਂ ਵਿੱਚ ਹੀ ਬਿਤਾਉਂਦੇ ਸਨ।

ਉਹ ਰਾਤ ਦੇ ਖਾਣੇ ਲਈ ਘਰ ਆਏ ਸਨ ਤੇ ਉਨ੍ਹਾਂ ਦੇ ਵਾਪਸ ਖੇਤਾਂ ਵਿੱਚ ਜਾਣ ਤੱਕ ਅਵਾਰਾ ਪਸ਼ੂ ਉਨ੍ਹਾਂ ਦੀ ਸਾਰੀ ਫ਼ਸਲ ਨਸ਼ਟ ਕਰ ਚੁੱਕੇ ਸਨ। ਉਹ ਇਹ ਸਦਮਾ ਝੱਲ ਨਾ ਸਕੇ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇੱਕ ਰਿਸ਼ਤੇਦਾਰ ਭੂਰੀ ਸਿੰਘ ਨੇ ਦੱਸਿਆ ਕਿ ਨਾਰਾਇਣ ਸਿੰਘ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸਨ; ਇਸੇ ਲਈ ਫ਼ਸਲ ਨਸ਼ਟ ਹੋਣ ਦਾ ਝਟਕਾ ਉਨ੍ਹਾਂ ਲਈ ਵੱਡਾ ਸੀ। ਉੱਧਰ ਫ਼ਤਿਆਬਾਦ ਦੇ ਐਸਡੀਐਮ ਅਮਿਤ ਕਾਲੇ ਨੇ ਕਿਹਾ ਕਿ ਤਹਿਸੀਲ ਦੇ ਮੁਲਾਜ਼ਮਾਂ ਨੂੰ ਪਰਿਵਾਰ ਕੋਲ ਭੇਜਿਆ ਗਿਆ ਹੈ ਤੇ ਰਿਪੋਰਟ ਦੇ ਆਧਾਰ ਉੱਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904