ਅਯੋਧਿਆ: ਰਾਮ ਜਨਮ ਭੂਮੀ ਮੁੱਦੇ ਦਾ ਜਲਦ ਫੈਸਲਾ ਆਉਣ ਤੇ ਤਿਉਹਾਰਾਂ ਦੇ ਮੱਦੇਨਜ਼ਰ ਅਯੋਧਿਆ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਯੋਧਿਆ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸ਼ਹਿਰ ਵਿੱਚ 10 ਹੋਰ ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵਾਧੂ ਫੋਰਸਾਂ ਦੇ ਠਹਿਰਨ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਗੈਸਟ ਹਾਊਸ, ਧਰਮਸ਼ਾਲਾਵਾਂ, ਸਕੂਲਾਂ ਤੇ ਕਾਲਜਾਂ ਵਿੱਚ ਸੁਰੱਖਿਆ ਬਲਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਜਾਏਗੀ।


ਸੀਨੀਅਰ ਅਧਿਕਾਰੀ ਨੇ ਦੱਸਿਆ, 'ਅਸੀਂ ਡਰੋਨ ਨਾਲ ਦੁਰਗਾ ਪੂਜਾ ਤੇ ਦੁਸਹਿਰੇ ਦੇ ਜਲੂਸਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਵਾਂਗੇ ਤੇ ਪੂਜਾ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਜਲੂਸਾਂ ਦੇ ਦੌਰਾਨ ਗੁਲਾਲ ਦੀ ਵਰਤੋਂ ਨਾ ਕਰਨ। ਇਸ ਦੀ ਬਜਾਏ ਉਹ ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹਨ।' ਦੁਰਗਾ ਮੂਰਤੀ ਵਿਸਰਜਨ ਤੇ ਦੁਸਹਿਰੇ ਦੇ ਤਿਉਹਾਰ ਸੋਮਵਾਰ ਤੋਂ ਸ਼ੁਰੂ ਹੋਣਗੇ ਤੇ ਵੱਖ-ਵੱਖ ਰਾਮ ਲੀਲਾਵਾਂ ਪੂਰੇ ਮਹੀਨੇ ਦੌਰਾਨ ਦੀਵਾਲੀ ਤੱਕ ਜਾਰੀ ਰਹਿਣਗੀਆਂ।


ਦੀਵਾਲੀ 'ਤੇ ਸੂਬਾ ਸਰਕਾਰ ਵੱਲੋਂ ਆਯੋਜਿਤ ਤਿੰਨ ਰੋਜ਼ਾ 'ਦੀਪੋਤਸਵ' ਪ੍ਰੋਗਰਾਮ ਵਿਚ ਵੀ ਭੀੜ ਵਧਣ ਦੀ ਉਮੀਦ ਹੈ। ਜ਼ਿਲ੍ਹਾ ਪੁਲਿਸ ਅਤੇ ਸਥਾਨਕ ਖੁਫੀਆ ਇਕਾਈਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੇ ਹੋਟਲ, ਗੈਸਟ ਹਾਊਸਾਂ, ਧਰਮਸ਼ਾਲਾਵਾਂ, ਲਾਜ ਤੇ ਹੋਮ ਸਟੇਅ ਦੀ ਜਾਂਚ ਸ਼ੁਰੂ ਕਰਨ ਤੇ ਉਥੇ ਕੰਮ ਕਰਨ ਤੇ ਰਹਿਣ ਵਾਲੇ ਲੋਕਾਂ ਦੇ ਸ਼ਨਾਖਤੀ ਕਾਰਡਾਂ ਦੀ ਤਸਦੀਕ ਕਰਨ। ਇਹ ਸਭ ਖੂਫੀਆ ਏਜੰਸੀਆਂ ਵੱਲੋਂ ਦਿੱਤੀ ਖ਼ਤਰੇ ਦੀ ਸੂਚਨਾ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।


ਦਰਅਸਲ ਰਾਮ ਮੰਦਰ 'ਤੇ ਸੁਪਰੀਮ ਕੋਰਟ ਤੋਂ ਨਵੰਬਰ ਮਹੀਨੇ ਵਿੱਚ ਫੈਸਲਾ ਆਉਣ ਦੀ ਉਮੀਦ ਹੈ। ਇਸ ਲਈ ਸਥਾਨਕ ਪ੍ਰਸ਼ਾਸਨ ਵਿਵਸਥਾ ਵਿੱਚ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ।