Sikh News: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ  ਕਸਬੇ ਵਿੱਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ਉੱਤਰ ਪ੍ਰਦੇਸ਼ ਪੁਲਿਸ ਉੱਤੇ ਸਿੱਖਾਂ ਨਾਲ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਹੈ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਰਹਿ ਰਹੇ ਸਿੱਖਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਜ਼ਿਕਰ ਕਰ ਦਈਏ ਕਿ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅੱਤਵਾਦੀ ਦੱਸਿਆ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਇਸ ਦੀ ਨਿੰਦਾ ਕੀਤੀ ਹੈ।


ਸੁਖਬੀਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲਖੀਮਪੁਰ ਖੇੜੀ - ਪਲੀਆ ਭੀਰਾ (ਯੂਪੀ) ਰਾਜ ਮਾਰਗ 'ਤੇ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਉੱਥੋਂ ਲੰਘ ਰਹੇ ਸਿੱਖਾਂ ਨੂੰ ਅੱਤਵਾਦੀ, ਉਪਦਰਵੀ ਜਿਹੇ ਸ਼ਬਦਾਂ ਨਾਲ ਬੇਇੱਜ਼ਤ ਕੀਤਾ ਜਾਣ 'ਤੇ ਸਾਨੂੰ ਸਖ਼ਤ ਇਤਰਾਜ਼ ਹੈ। ਜਿੱਥੇ ਮੈਂ ਯੂ ਪੀ ਸਰਕਾਰ ਤੋਂ ਇਹਨਾਂ ਪੁਲਿਸ ਕਰਮੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਾ ਹਾਂ ਉੱਥੇ ਹੀ, ਸਾਰੇ ਸੂਬਿਆਂ ਅਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਵੀ ਕਰਦਾ ਹਾਂ ਕਿ ਘੱਟ ਗਿਣਤੀਆਂ, ਖ਼ਾਸ ਤੌਰ 'ਤੇ ਸਿੱਖਾਂ ਪ੍ਰਤੀ ਫਲਾਈ ਜਾ ਰਹੀ ਨਫ਼ਰਤ ਨੂੰ ਠੱਲ੍ਹ ਪਾਉਣ ਲਈ ਸ਼ਰਾਰਤੀ ਲੋਕਾਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਬਾਰੇ ਤਾੜਨਾ ਕਰਨ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਇਹ ਹਮੇਸ਼ਾ ਜਬਰ ਅਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ।






ਇਸ ਤੋਂ ਇਲਾਵਾ ਤਖ਼ਤ ਸੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ,ਲਗਤਾਰ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਸਰਕਾਰੀ ਸਰਪ੍ਰਸਤੀ ਹੇਠ ਭਾਰਤ ਅੰਦਰ ਘੱਟ ਗਿਣਤੀਆਂ ਪ੍ਰਤੀ ਫਲਾਈ ਜਾ ਰਹੀ ਨਫਰਤ ਦਾ ਨਤੀਜਾ ਹੈ। ਕਿਤੇ ਸਿੱਖ ਆਈ ਪੀ ਐਸ ਜਾਂ ਆਈ ਏ ਐਸ ਅਧਿਕਾਰੀਆਂ ਨੂੰ ਅੱਤਵਾਦੀ ਕਿਹਾ ਜਾ ਰਿਹਾਂ ਹੈ ਕਿਤੇ ਬਹੁ ਗਿਣਤੀ ਨਾਲ ਸਬੰਧਿਤ ਅਫਸਰਾਂ ਵਲੌਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਘੱਟ ਗਿਣਤੀਆਂ ਪ੍ਰਤੀ ਇਹੋ ਜਿਹਾ ਰਵਈਆ ਪੂਰੇ ਦੇਸ਼ ਨੂੰ ਨਫਰਤ ਦੀ ਅੱਗ ਵਿਚ ਝੋਕ ਸਕਦਾ ਹੈ।