ਵ੍ਹਟਸਐਪ ਨੂੰ ਰਾਮਦੇਵ ਦੀ ਟੱਕਰ, 27 ਨੂੰ ਲਾਂਚ ਹੋਏਗਾ ‘ਕਿੰਭੋ’
ਏਬੀਪੀ ਸਾਂਝਾ | 15 Aug 2018 03:47 PM (IST)
ਨਵੀਂ ਦਿੱਲੀ: ਪਤੰਜਲੀ ਦੇ ਸਹਿ ਸੰਸਥਾਪਕ ਆਚਾਰੀਆ ਬਾਲਕ੍ਰਿਸ਼ਨ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਪਤੰਜਲੀ ਦੀ ਮੈਸੇਜਿੰਗ ਐਪ ‘ਕਿੰਭੋ’ ਨੂੰ 27 ਅਗਸਤ ਨੂੰ ਲਾਂਚ ਕੀਤਾ ਜਾਏਗਾ। ਕੰਪਨੀ ਦਾ ਮੰਨਣਾ ਹੈ ਕਿ ਐਪ ਦੀਆਂ ਸਾਰੀਆਂ ਗੜਬੜੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ। ਹੁਣ ਇਸ ਵਿੱਚ ਸੁਰੱਖਿਆ ਜਾਂ ਨਿੱਜਤਾ ਸਬੰਧੀ ਕੋਈ ਵੀ ਦਿੱਕਤ ਨਹੀਂ ਆਏਗੀ। ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਟਵੀਟ ਵਿੱਚ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਸੁੰਤਰਤਾ ਦਿਵਸ ਮੌਕੇ ਡਿਜੀਟਲ ਆਜ਼ਾਦੀ ਦੀ ਗੱਲ ਕਰਦਿਆਂ ਉਨ੍ਹਾਂ 27 ਅਗਸਤ ਨੂੰ ਪਤੰਜਲੀ ਕਿੰਭੋ ਲਾਂਚ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸੁਝਾਅ ਤੇ ਸਮੀਖਿਆ ਦਾ ਸਵਾਗਤ ਕਰਦੇ ਹਨ। ਯੋਗ ਗੁਰੂ ਬਾਬਾ ਰਾਮਦੇਵ ਨੇ ਵ੍ਹਟਸਐਪ ਦੇ ਜਵਾਬ ਵਿੱਚ ਕਿੰਭੋ ਐਪ ਉਤਾਰੀ ਸੀ ਪਰ ਲਾਂਚ ਦੇ ਕੁਝ ਘੰਟੇ ਬਾਅਦ ਹੀ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਕੁਝ ਸਕਿਉਰਟੀ ਮਾਹਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਐਪ ਵਿੱਚ ਯੂਜ਼ਰ ਦੇ ਡੇਟਾ ਸਬੰਧੀ ਕਈ ਗੜਬੜੀਆਂ ਹਨ ਤੇ ਡੇਟਾ ਨੂੰ ਆਸਾਨੀ ਨਾਲ ਸੰਨ੍ਹ ਲਾਈ ਜਾ ਸਕਦੀ ਹੈ। ਪਰ ਹੁਣ ਇਹ ਸਾਰਾ ਮਾਮਲਾ ਸੁਲਝਾ ਲਿਆ ਗਿਆ ਹੈ।