ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜੂਨ 2017 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦੇ ਵਿਆਹੁਤਾ ਜੀਵਨ ਬਾਰੇ ਜਾਣਕਾਰੀ ਨਹੀਂ ਸੀ। ਵ੍ਹਾਈਟ ਹਾਊਸ ਵਿੱਚ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਆਪਣੇ ਰਾਸ਼ਟਰੀ ਸੁਰੱਖਿਆ ਸਟਾਫ ਨੂੰ ਪੁੱਛਿਆ ਸੀ ਕਿ ਕੀ ਮੋਦੀ ਆਪਣੀ ਪਤਨੀ ਨਾਲ ਲੈ ਕੇ ਆਉਣਗੇ? ਸਟਾਫ ਨੇ ਜਦੋਂ ਨਾਂਹ ਕੀਤੀ ਤਾਂ ਟਰੰਪ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਕਿ ਉਹ ਮੋਦੀ ਲਈ ਕੋਈ ਸਾਥਣ ਲੱਭ ਸਕਦੇ ਹਨ।

ਅਮਰੀਕਾ ਦੀ ਪਾਲਿਟਿਕੋ ਡਾਟ ਕਾਮ ਦੇ ਇੱਕ ਲੇਖ ਵਿੱਚ ਰਾਸ਼ਟਰਪਤੀ ਵਜੋਂ ਟਰੰਪ ਦੀ ਜਾਣਕਾਰੀ ਦੀ ਕਮੀ ਤੇ ਉਨ੍ਹਾਂ ਦੀਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੈਠਕਾਂ ਦੌਰਾਨ ਅਕਸਰ ਆਲਮੀ ਮਾਮਲਿਆਂ, ਭੂਗੋਲਕ ਪ੍ਰਸਥਿਤੀਆਂ ਤੇ ਲੀਡਰਾਂ ਟਰੰਪ ਦੀ ਜਾਣਕਾਰੀ ਦੀ ਕਮੀ ਸਾਫ ਜ਼ਾਹਰ ਹੁੰਦੀ ਸੀ।

ਮੋਦੀ ਨਾਲ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਤੋਂ ਪਹਿਲਾਂ ਇੱਕ ਬੈਠਕ ਵਿੱਚ ਟਰੰਪ ਦੱਖਣ ਏਸ਼ੀਆ ਬਾਰੇ ਸੰਖੇਪ ਜਾਣਕਾਰੀ ਲੈ ਰਹੇ ਸੀ। ਬੈਠਕ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਮੀਟਿੰਗ ਵਿੱਚ ਟਰੰਪ ਨੇ ਨੇਪਾਲ ਨੂੰ ਨਿੱਪਲ ਕਿਹਾ। ਇਸ ਦੇ ਬਾਅਦ ਹੱਸਦਿਆਂ-ਹੱਸਦਿਆਂ ਉਹ ਭੂਟਾਨ ਨੂੰ ਬਟਨ ਕਹਿ ਗਏ।

ਉਨ੍ਹਾਂ ਨੂੰ ਨੇਪਾਲ ਤੇ ਭੂਟਾਨ ਬਾਰੇ ਵੀ ਜਾਣਕਾਰੀ ਨਹੀਂ ਸੀ, ਬਲਕਿ ਉਹ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਭਾਰਤ ਦਾ ਹਿੱਸਾ ਮੰਨ ਰਹੇ ਸੀ।