ਇਟਲੀ 'ਚ ਫਲਾਈਓਵਰ ਡਿੱਗਿਆ, 30 ਮੌਤਾਂ
ਏਬੀਪੀ ਸਾਂਝਾ | 14 Aug 2018 08:29 PM (IST)
ਲਿਗੂਰੀਆ: ਭਾਰੀ ਬਰਸਾਤ ਕਾਰਨ ਜਿਨੋਆ ਵਿੱਚ ਇੱਕ ਵੱਡਾ ਪੁਲ ਅਚਾਨਕ ਢਹਿਢੇਰੀ ਹੋ ਗਿਆ। ਇਸ ਹਾਦਸੇ ਵਿੱਚ 30 ਲੋਕ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਗਿਆਰਾਂ ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਇਟਲੀ ਦੀ ਖ਼ਬਰ ਏਜੰਸੀ ਐਡਨਕ੍ਰੋਨੋਜ਼ ਮੁਤਾਬਕ ਪੁਲ ਡਿੱਗਣ ਦਾ ਕਾਰਨ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ। ਐਂਬੂਲੈਂਸ ਸੇਵਾ ਦੇ ਮੁਖੀ ਨੇ ਦੱਸਿਆ ਪਹਿਲਾਂ ਦੱਸਿਆ ਸੀ ਕਿ ਘੱਟੋ ਘੱਟ 10 ਲੋਕ ਮਾਰੇ ਗਏ ਹਨ ਤੇ 20 ਵਾਹਨ ਮਲਬੇ ਹੇਠਾਂ ਦੱਬੇ ਗਏ ਹਨ। ਪਰ ਤਾਜ਼ਾ ਜਾਣਕਾਰੀ ਮੁਤਾਬਕ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਚਾਰ ਲੋਕਾਂ ਨੂੰ ਜਿਊਂਦਿਆਂ ਬਾਹਰ ਵੀ ਕੱਢਿਆ ਗਿਆ ਹੈ। 1960 ਵਿੱਚ ਬਣੇ ਇਸ ਪੁਲ ਦੇ ਵਿਚਕਾਰਲਾ 80 ਮੀਟਰ ਲੰਮਾ ਹਿੱਸਾ ਅੱਜ ਡਿੱਗ ਗਿਆ। ਹਾਲਾਂਕਿ, ਸਵਾ ਕਿਲੋਮੀਟਰ ਲੰਮੇ ਇਸ ਪੁਲ ਦੀ ਸਾਲ 2016 ਵਿੱਚ ਮੁਰੰਮਤ ਵੀ ਕੀਤੀ ਗਈ ਸੀ। ਪੁਲ ਦੇ ਡਿੱਗਣ ਕਾਰਨ ਜਿੱਥੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ ਹੈ, ਉੱਥੇ ਹੀ ਜਿਨੋਆ ਰੇਲ ਸੇਵਾ ਵੀ ਠੱਪ ਹੋ ਗਈ ਹੈ।