ਨਵੀਂ ਦਿੱਲੀ: SC-ST ਐਕਟ ਖ਼ਿਲਾਫ਼ ਜਨਰਲ ਵਰਗ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕਰਣੀ ਸੈਨਾ ਦੀ ਅਗਵਾਈ ਹੇਠ ਕੱਲ੍ਹ ਜਨਰਲ ਵਰਗ ਸਮਾਜ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਖ਼ਾਸ ਤੌਰ ’ਤੇ ਮੱਧ ਪ੍ਰਦੇਸ਼ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਭਿੰਡ, ਗਵਾਲੀਅਰ, ਛਤਰਪੁਰ, ਰੀਵਾ ਤੇ ਸ਼ਿਵਪੁਰੀ ਸਣੇ ਕਈ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿੱਚ ਜਨਰਲ ਸਮਾਜ ਦੇ ਕਈ ਸੰਗਠਨ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਾਂਗਰਸ ਤੇ ਬੀਜੇਪੀ, ਦੋਵੇਂ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ।
ਕਰਣੀ ਸੈਨਾ ਨੇ ਕੱਲ੍ਹ ਗਵਾਲੀਅਰ ਵਿੱਚ ਰੈਲੀ ਕੀਤੀ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਮੂੰਹ ’ਤੇ ਕਾਲਖ਼ ਮਲਣ ਦੀ ਧਮਕੀ ਦਿੱਤੀ ਹੈ। ਸਤਨਾ ਵਿੱਚ ਕਾਂਗਰਸ ਲੀਡਰ ਦਿਗਵਿਜੈ ਸਿੰਘ ਨੂੰ ਵੀ ਘੇਰਿਆ ਗਿਆ।
ਦਰਅਸਲ ਪੂਰਾ ਵਿਵਾਦ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ SC-ST ਐਕਟ ਵਿੱਚ ਸੋਧ ਕਰਨ ਸਬੰਧੀ ਹੈ। ਹੁਣ ਜਨਰਲ ਵਰਗ ਤੇ ਓਬੀਸੀ ਸਮਾਜ ਸਰਕਾਰ ਦੇ ਫੈਸਲੇ ਖ਼ਿਲਾਫ਼ ਖੜ੍ਹਾ ਹੋ ਗਿਆ ਹੈ। ਕਾਂਗਰਸ ਤੇ ਬੀਜੇਪੀ ਦੋਵਾਂ ਦਾ ਵਿਰੋਧ ਹੋ ਰਿਹਾ ਹੈ। ਜਨਰਲ ਵਰਗ ਦਾ ਇਹ ਵਿਰੋਧ ਬੀਜੇਪੀ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।