ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਕੇਰਲ ਹੜ੍ਹ ਨਾਲ ਜੁੜੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਤੋਂ 35 ਸੇਵਾਦਾਰਾਂ ਦੀ ਟੀਮ ਕੇਰਲ ਨੂੰ ਦੁਬਾਰਾ ਖੜ੍ਹਾ ਕਰਨ ਲਈ ਨਿਕਲੀ ਹੈ। ਇਹ ਜਥੇਦਾਰ ਬੜੂ ਸਾਹਿਬ ਦੇ ਸੇਵਾਦਾਰ ਹਨ।

ਤਸਵੀਰਾਂ ਨਾਲ ਇੱਕ ਮੈਸੇਜ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ ਬੜੂ ਸਾਹਿਬ ਗੁਰਦੁਆਰੇ ਤੋਂ ਕਾਰਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ੀਅਨ ਸਣੇ 35 ਸੇਵਾਦਾਰਾਂ ਦੀ ਟੀਮ ਨਵੀਂ ਦਿੱਲੀ ਤੋਂ ਕੇਰਲ ਲਈ ਨਿਕਲੀ ਹੈ। ਇਸ ਦੇ ਨਾਲ ਹੀ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਇਨਸਾਨੀਅਤ ਦੀ ਮਿਸਾਲ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।

ਇਸ ਵਾਇਰਲ ਮੈਸੇਜ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਬੜੂ ਸਾਹਿਬ ਗੁਰਦੁਆਰਾ ਹਿਮਾਚਲ ਪ੍ਰਦੇਸ਼ ਵਿੱਚ ਹੈ ਤਾਂ ਗੁਰਦੁਆਰੇ ਦੇ ਸੇਵਾਦਾਰ ਦਿੱਲੀ ਤੋਂ ਕਿਉਂ ਚੱਲਣਗੇ। ਅੱਗੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਬੜੂ ਸਾਹਿਬ ਗੁਰਦੁਆਰੇ ਦਾ ਟਰੱਸਟ ਬਣਿਆ ਹੋਇਆ ਹੈ।

ਸੰਸਥਾ ਦੇ ਟਰੱਸਟੀ ਰਵਿੰਦਰਪਾਲ ਸਿੰਘ ਕੋਹਲੀ ਨੇ ਦੱਸਿਆ ਕਿ 29 ਅਗਸਤ, 2018 ਨੂੰ ਦਿੱਲੀ ਤੋਂ ਕੇਰਲ ਲਈ ਜਥਾ ਰਵਾਨਾ ਹੋਇਆ ਸੀ। ਇਹ ਤਸਵੀਰਾਂ ਉਸੇ ਦਿਨ ਦੀਆਂ ਹਨ। ਇੰਨਾ ਹੀ ਨਹੀਂ, ਬੜੂ ਸਾਹਿਬ ਗੁਰਦੁਆਰਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਰਮਨਗਿਰੀ ਨੂੰ ਗੋਦ ਵੀ ਲਿਆ ਹੈ।

ਇਹ ਸੇਵਾਦਾਰ ਇਸ ਮੁਸ਼ਕਲ ਘੜੀ ਵਿੱਚ ਫਸੇ ਕੇਰਲ ਵਾਸੀਆਂ ਦੀ ਮਦਦ ਕਰਨ ਲਈ ਪੁੱਜੇ ਹਨ। ਇਨ੍ਹਾਂ ਲੋਕਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਇਹ ਲੋਕ ਭਾਰੀ ਬਾਰਸ਼ ਬਾਅਦ ਟੁੱਟ ਚੁੱਕੇ ਮਕਾਨ ਤੇ ਸੜਕਾਂ ਦੀ ਮੁਰੰਮਤ ਕਰ ਸਕਣ। ਇਸ ਤਰ੍ਹਾਂ ਪੜਤਾਲ ਵਿੱਚ ਕੇਰਲ ਲਈ ਮਦਦ ਕਰਨ ਨਿਕਲੇ ਸਿੱਖ ਜਥੇ ਦਾ ਵਾਇਰਲ ਦਾਅਵਾ ਸੱਚ ਸਾਬਤ ਹੋਇਆ।