ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਰੀ ਵਿੱਚ ਚੱਲ ਰਹੇ ਫ਼ੌਜੀ ਆਪਰੇਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਫ਼ੌਜ ਨੇ ਅੱਜ ਉਰੀ ਆਪਰੇਸ਼ਨ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੇਜਰ ਜਨਰਲ ਵਰਿੰਦਰ ਵੱਤਸ ਨੇ ਦੱਸਿਆ ਕਿ ਅੱਜ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਦਾ ਨਾਂ ਅਲੀ ਬਾਬਰ ਪਾਤਰਾ ਹੈ। ਇਸ ਦੀ ਉਮਰ ਸਿਰਫ 19 ਸਾਲ ਹੈ। ਅਲੀ ਬਾਬਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਪਾਕਿਸਤਾਨ ਵਿੱਚ ਕਰੀਬ ਤਿੰਨ ਮਹੀਨੇ ਦੀ ਅੱਤਵਾਦੀ ਸਿਖਲਾਈ ਲਈ ਹੈ। ਅੱਤਵਾਦੀਆਂ ਦੀ ਘੁਸਪੈਠ ਦਾ ਮਕਸਦ 2016 ਦੇ ਉਰੀ ਵਰਗੇ ਵੱਡੇ ਹਮਲੇ ਨੂੰ ਅੰਜਾਮ ਦੇਣਾ ਸੀ।

ਮੇਜਰ ਵੱਤਸ ਨੇ ਕਿਹਾ ਕਿ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਅਜਿਹੀ ਘੁਸਪੈਠ ਸੰਭਵ ਨਹੀਂ ਹੈ। ਇਨ੍ਹੀਂ ਦਿਨੀਂ ਟੈਰਰ ਲਾਂਚ ਪੈਡ 'ਤੇ ਵੀ ਹਲਚਲ ਵਧ ਗਈ ਹੈ। ਮੇਜਰ ਵੱਤਸ ਨੇ ਇਹ ਵੀ ਦੱਸਿਆ, ਪਿਛਲੇ ਸੱਤ ਦਿਨਾਂ ਵਿੱਚ ਫੌਜ ਨੇ ਆਪਰੇਸ਼ਨ ਵਿੱਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਜਦੋਂ ਕਿ ਇੱਕ ਨੂੰ ਜਿਉਂਦਾ ਫੜਿਆ ਹੈ। ਫੌਜ ਨੇ ਅੱਤਵਾਦੀ ਅਲੀ ਬਾਬਰ ਪਾਤਰਾ ਦੀ ਤਸਵੀਰ ਵੀ ਜਾਰੀ ਕੀਤੀ ਹੈ। ਫ਼ੌਜ ਅਨੁਸਾਰ ਦੋ ਅੱਤਵਾਦੀ 25 ਸਤੰਬਰ ਨੂੰ ਇੱਕ ਨਾਲੇ ਵਿੱਚ ਲੁਕ ਗਏ ਸਨ। 26 ਸਤੰਬਰ ਨੂੰ ਇੱਕ ਅੱਤਵਾਦੀ ਮਾਰਿਆ ਗਿਆ ਸੀ ਜਦੋਂਕਿ ਇੱਕ ਅੱਤਵਾਦੀ ਨੇ ਆਤਮ ਸਮਰਪਣ ਕਰ ਦਿੱਤਾ ਸੀ।

ਮੇਜਰ ਜਨਰਲ ਵਰਿੰਦਰ ਵੱਤਸ ਨੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਖਿਲਾਫ ਆਪਰੇਸ਼ਨ ਨੌਂ ਦਿਨਾਂ ਤੱਕ ਚੱਲਿਆ। ਇਹ ਕਾਰਵਾਈ ਉਸ ਸਮੇਂ ਸ਼ੁਰੂ ਕੀਤੀ ਗਈ ਸੀ ਜਦੋਂ 18 ਸਤੰਬਰ ਨੂੰ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਸ਼ੁਰੂ ਹੋਈ ਸੀ। ਕੁੱਲ ਛੇ ਅੱਤਵਾਦੀ ਸਨ, ਚਾਰ ਪਾਕਿਸਤਾਨ ਵਾਪਸ ਭੱਜ ਗਏ। ਬਾਕੀ ਦੇ ਦੋ ਅੱਤਵਾਦੀ 25 ਸਤੰਬਰ ਨੂੰ ਇੱਕ ਨਾਲੇ ਵਿੱਚ ਲੁਕ ਗਏ ਸਨ। ਇੱਕ ਅੱਤਵਾਦੀ 26 ਨੂੰ ਮਾਰਿਆ ਗਿਆ ਸੀ ਤੇ ਦੂਜੇ ਅੱਤਵਾਦੀ ਨੇ ਆਤਮ ਸਮਰਪਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ। ਮੇਜਰ ਵੱਤਸ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਨੇ ਪਾਕਿਸਤਾਨ ਵਿੱਚ ਤਿੰਨ ਮਹੀਨੇ ਦੀ ਸਿਖਲਾਈ ਲਈ ਹੈ।

ਉਨ੍ਹਾਂ ਦੱਸਿਆ ਕਿ ਕਸ਼ਮੀਰ ਦੇ ਪਾਟਨ ਵਿੱਚ ਸਪਲਾਈ ਦੀ ਗੱਲ ਚੱਲ ਰਹੀ ਸੀ ਪਰ ਇਹ ਸਪਲਾਈ ਕਰਨ ਲਈ ਨਹੀਂ, ਵੱਡਾ ਦਹਿਸ਼ਤ ਹਮਲਾ ਕਰਨ ਲਈ ਆਇਆ ਸੀ। 2016 ਦੇ ਉਰੀ ਵਰਗਾ ਹਮਲਾ ਕਰਨ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਅਜਿਹੀ ਘੁਸਪੈਠ ਪਾਕਿਸਤਾਨੀ ਫੌਜ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੀ।

ਕਾਰਵਾਈ ਦੌਰਾਨ ਫੌਜ ਦੇ ਚਾਰ ਜਵਾਨ ਵੀ ਜ਼ਖਮੀ  
ਇਸ ਕਾਰਵਾਈ ਦੌਰਾਨ ਫੌਜ ਦੇ ਚਾਰ ਜਵਾਨ ਵੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਘੁਸਪੈਠ ਲਈ ਮਾਛਿਲ, ਟਿਟਵਾਲ ਸੈਕਟਰਾਂ ਦੀ ਵਰਤੋਂ ਕੀਤੀ। ਇਸ ਦੇ ਲਈ ਇਨ੍ਹਾਂ ਅੱਤਵਾਦੀਆਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲੀ। ਪਾਕਿਸਤਾਨ ਵਾਲੇ ਪਾਸੇ ਇਨ੍ਹਾਂ ਦੋਵਾਂ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਹੋਈ । ਪਾਕਿਸਤਾਨ ਵੱਲੋਂ ਭਾਰਤੀ ਚੌਕੀ 'ਤੇ ਗੋਲੀਬਾਰੀ ਕੀਤੀ ਗਈ।