ਕੁਸ਼ੀਨਗਰ/ਸਹਾਰਨਪੁਰ: ਯੂਪੀ ਦੇ ਸਹਾਰਨਪੁਰ ਤੇ ਕੁਸ਼ੀਨਗਰ ਜ਼ਿਲ੍ਹਿਆਂ ਵਿੱਚ ਦਿਲ ਨੂੰ ਹਲੂਣ ਦੇਣ ਵਾਲੀ ਘਟਨਾ ਵਾਪਰੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਹਾਰਨਪੁਰ ਵਿੱਚ 16 ਤੇ ਕੁਸ਼ੀਨਗਰ ਵਿੱਚ 10 ਜਣਿਆਂ ਦੀ ਮੌਤ ਹੋ ਗਈ ਹੈ। ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਖ ਮੰਤਰੀ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਸਰਕਾਰ ਨੇ ਮ੍ਰਿਤਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ੇਰੇ ਇਲਾਜ ਵਿਅਕਤੀਆਂ ਨੂੰ ਵੀ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਹਾਸਲ ਜਾਣਕਾਰੀ ਮੁਤਾਬਕ ਕੁਸ਼ੀਨਗਰ ਦੇ ਤਰਿਆਸੁਜਾਨ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਾਲੇ ਤਕ 10 ਜਣਿਆਂ ਦੀ ਮੌਤ ਹੋਈ ਹੈ। ਚਾਰ ਜਣਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਲੰਮੇ ਸਮੇਂ ਤੋਂ ਆਬਕਾਰੀ ਵਿਭਾਗ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਕੱਚੀ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਪਰਿਵਾਰਾਂ ਨੇ ਉਨ੍ਹਾਂ ’ਤੇ ਜਾਂਚ ਨਾ ਕਰਨ ਦੇ ਇਲਜ਼ਾਮ ਲਾਏ ਹਨ।

ਇਸ ਮਾਮਲੇ ਸਬੰਧੀ ਤਰਿਆਸੁਜਾਨ ਦੇ ਇੰਸਪੈਕਟਰ, ਥਾਣੇਦਾਰ ਤੇ ਦੋ ਸਿਪਾਹੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਬਣਾਉਣ ਤੇ ਵੇਚਣ ਦੇ ਇਲਜ਼ਾਮ ਹੇਠ ਇੱਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉੱਧਰ ਸਹਾਰਨਪੁਰ ਵਿੱਚ ਵੀ 16 ਜਣਿਆਂ ਦੀ ਮੌਤ ਹੋ ਗਈ ਤੇ ਕਈਆਂ ਦੀ ਹਾਲਤ ਗੰਭੀਰ ਹੈ। ਇੱਥੇ ਪ੍ਰਸ਼ਾਸਨ ਤਾਂ ਪੁਲਿਸ ਮੌਕੇ ’ਤੇ ਪਹੁੰਚ ਗਏ ਪਰ ਆਬਕਾਰੀ ਵਿਭਾਗ ਦਾ ਕੋਈ ਬੰਦਾ ਲੋਕਾਂ ਦੀ ਸਾਰ ਲੈਣ ਨਹੀਂ ਪੁੱਜਾ ਜਿਸ ਕਰਕੇ ਲੋਕਾਂ ਵਿੱਚ ਕਾਫੀ ਗੁੱਸਾ ਭੜਕ ਗਿਆ ਹੈ।